ਅੰਨਦਪੁਰ ਸਾਹਿਬ: ਸਾਬਕਾ ਪਾਰਲੀਮੈਂਟ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੇ। ਪੰਜਾਬ 'ਚ ਝੋਨੇ ਦੀ ਖਰੀਦ ਦਾ ਸਮਾਂ ਤਕਰੀਬਨ ਦੋ ਹਫ਼ਤੇ ਪਹਿਲਾਂ ਸ਼ੁਰੂ ਹੋ ਗਿਆ ਸੀ ਪਰ ਅੱਜੇ ਤੱਕ ਮੰਡੀਆਂ 'ਚੋਂ ਇਸਦੀ ਲਿਫ਼ਟਿੰਗ ਨਹੀਂ ਹੋਈ ਤੇ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਅਦਾਇਗੀ ਹੋਈ।
ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਸ ਲੇਟ ਲਤੀਫ਼ੀ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵੱਲੋਂ 24 ਘੰਟੇ ਅੰਦਰ ਅਦਾਇਗੀ ਦੀ ਗੱਲ ਕੀਤੀ ਗਈ ਸੀ ਪਰ ਅੱਜੇ ਤੱਕ ਕਿਸੇ ਨੂੰ ਇੱਕ ਪੈਸਾ ਨਹੀਂ ਮਿਲਿਆ।
ਕਿਸਾਨਾਂ ਦੀ ਆਰਥਿਕਤਾ ਪਹਿਲਾਂ ਹੀ ਕੋਰੋਨਾ ਨੇ ਡਾਂਵਾਡੋਲ ਕਰ ਦਿੱਤੀ ਬਾਕੀ ਕਸਰ ਨਵੇਂ ਆਏ ਖੇਤੀ ਬਿੱਲਾਂ ਨੇ ਪੂਰੀ ਕਰ ਦਿੱਤੀ। ਹੁਣ ਮੰਡੀਆਂ 'ਚ ਬਾਰਦਾਨਾ ਨਾ ਹੋਣ ਕਰਕੇ ਫ਼ਸਲ ਦੀ ਲਿਫ਼ਟਿੰਗ ਤੇ ਅਦਾਇਗੀ ਨਹੀਂ ਹੋ ਰਹੀ ਹੈ ਜਿਸ ਨੇ ਆਰਥਿਕ ਪੱਖੋਂ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬੁਲਾਉਣ 'ਤੇ ਪੱਖ
ਕੇਂਦਰ ਦੇ ਕਿਸਾਨ ਜਥੇਬੰਦੀਆਂ ਦੇ ਦਿੱਲੀ ਬੁਲਾਵੇ 'ਤੇ ਉਨ੍ਹਾਂ ਕਿਹਾ ਕਿ ਇਸ ਦਾ ਹਲ ਸਿਰਫ ਗੱਲਬਾਤ ਹੈ। ਕੇਂਦਰ ਸਰਕਾਰ ਨੂੰ ਇਸ 'ਤੇ ਸਹੀ ਤੇ ਢੁੱਕਵੇਂ ਮਾਹੌਲ 'ਚ ਬੁਲਾਉਣ ਦਾ ਸੱਦਾ ਦੇਣਾ ਚਾਹੀਦਾ ਹੈ ਤਾਂ ਜੋ ਮਸਲੇ ਦਾ ਹਲ ਨਿਕਲ ਸਕੇ।
ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ 'ਤੇ ਪੱਖ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਧਰਮਾ 'ਤੇ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਨੂੰ ਬਦਨਾਮ ਤੇ ਖ਼ਰਾਬ ਕਰਨ ਦੀ ਸਾਜਿਸ਼ ਹੈ। ਕਿਸਾਨਾਂ ਦਾ ਸੰਘਰਸ਼ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਪਰ ਉਸ ਨੇ ਕਦੀ ਹਿੰਸਕ ਰੂਪ ਨਹੀਂ ਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਪੱਖ
ਫਤਿਹਗੜ੍ਹ ਸਾਹਿਬ ਵਿੱਚ ਦੋ ਥਾਂਵਾਂ 'ਤੇ ਹੋਈ ਬੇਅਦਬੀ 'ਤੇ ਉਨ੍ਹਾਂ ਕਿਹਾ ਕਿ ਇਹ ਇੱਕ ਨਿੰਦਨਯੋਗ ਕੰਮ ਹੈ। ਸਾਜਿਸ਼ ਦੇ ਤਹਿਤ ਇਹ ਕੰਮ ਕੀਤਾ ਗਿਆ ਤਾਂ ਜੋ ਕਿਸਾਨੀ ਸੰਘਰਸ਼ ਤੋਂ ਧਿਆਨ ਭਟਕਾਇਆ ਜਾ ਸਕੇ।