ਰੂਪਨਗਰ: ਸ਼ਹਿਰ ਦੇ ਅੰਦਰ ਮੌਜੂਦ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਕੈਪਟਨ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਵਿਕਾਸ ਸਬੰਧੀ ਕਈ ਵਾਅਦੇ ਕੀਤੇ ਗਏ ਸਨ ਪਰ ਉਹ ਸਾਰੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਸੜਕਾਂ ਦੇ ਮਸਲੇ ਨੂੰ ਲੈ ਕੇ ਅਕਾਲੀ ਆਗੂ ਵੀ ਕਾਂਗਰਸ ਨੂੰ ਕਰੜੇ ਹੱਥੀ ਲੈ ਰਹੇ ਹਨ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰੂਪਨਗਰ ਦੇ ਸਾਬਕਾ ਵਿਧਾਇਕ ਦਲਜੀਤ ਚੀਮਾ ਨੇ ਕਿਹਾ ਕਿ ਸਿਰਫ਼ ਰੂਪਨਗਰ ਦਾ ਨਹੀਂ ਸਗੋਂ ਪੂਰੇ ਪੰਜਾਬ ਦੀ ਹਾਲਤ ਖਸਤਾ ਹੋ ਚੁੱਕੀ ਹੈ। ਚੀਮਾ ਨੇ ਕਿਹਾ ਹੁਣ ਅਸੀਂ ਬੇਬਸ ਹਾਂ ਕਿਉਂਕਿ ਅਸੀਂ ਗ਼ਲਤ ਸਰਕਾਰ ਚੁਣ ਬੈਠੇ ਹਾਂ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਜਲਦੀ ਚੱਲਦਾ ਕਰੀਏ ਤੇ ਫਿਰ ਸਭ ਕੁੱਝ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ, 2 ਅੱਤਵਾਦੀ ਢੇਰ
ਉਧਰ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਐੱਮਸੀ ਮਨਜਿੰਦਰ ਸਿੰਘ ਧਨੋਆ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸਥਾਨਕ ਆਗੂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੇ ਹਨ ਕਿ ਅਸੀਂ ਕਰੋੜਾਂ ਰੁਪਏ ਵਿਕਾਸ ਲਈ ਲੈ ਕੇ ਆਏ ਹਾਂ ਪਰ ਸ਼ਹਿਰ 'ਤੇ ਕੁੱਝ ਵੀ ਖਰਚ ਨਹੀਂ ਕੀਤਾ। ਧਨੋਆ ਨੇ ਕਿਹਾ ਅਕਾਲੀ ਭਾਜਪਾ ਦੇ ਸਮੇਂ ਤੋਂ ਬਾਅਦ ਰੂਪਨਗਰ ਸ਼ਹਿਰ ਦਾ ਬਿਲਕੁਲ ਵੀ ਵਿਕਾਸ ਨਹੀਂ ਹੋਇਆ ਹੈ।