ਕੁਰਾਲੀ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਆਮ ਲੋਕ ਸਹਿਮੇ ਹੋਏ ਹਨ ਪਰ ਦੂਜੇ ਪਾਸੇ ਸ਼ਰਾਬ ਤਸਕਰਾਂ ਵੱਲੋਂ ਲੱਗੇ ਕਰਫ਼ਿਊ ਤੇ ਸ਼ਰਾਬ ਦੇ ਠੇਕੇ ਬੰਦ ਹੋਣ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਅਜਿਹਾ ਹੀ ਮਾਮਲਾ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸੋਤਲ ਬਾਬਾ ਤੋਂ ਸਾਹਮਣੇ ਆਇਆ ਹੈ ਜਿੱਥੇ ਖੇਤਾਂ ਵਿੱਚ ਲੁਕਾਈ ਹੋਈ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸੋਤਲ ਬਾਬਾ ਦੀ ਪੰਚਾਇਤ ਅਤੇ ਕਲੱਬ ਦੇ ਨੌਜਵਾਨਾਂ ਵਲੋਂ ਕੋਰੋਨਾ ਵਾਇਰਸ ਦੇ ਡਰੋਂ ਦਿੱਤੇ ਜਾ ਰਹੇ ਪਹਿਰੇ ਦੌਰਾਨ ਖੇਤਾਂ ਵਿੱਚ ਹਲਚਲ ਦੇਖੀ ਗਈ। ਉਹ ਖੇਤਾਂ ਵੱਲ ਗਏ ਕੁੱਝ ਪਿੰਡ ਵਾਸੀਆਂ ਨੂੰ ਕਣਕ ਦੇ ਖੇਤਾਂ ਵਿੱਚ ਲੁਕਾਈ ਸ਼ਰਾਬ ਤੇ ਨਜ਼ਰ ਪੈ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਥਾਣਾ ਸਿੰਘ ਭਗਵੰਤਪੁਰਾ ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਉੱਤੇ ਐੱਸ.ਐੱਚ.ਓ ਰਾਜਪਾਲ ਸਿੰਘ ਮੌਕੇ ਤੇ ਪੁੱਜੇ।
ਪੁਲਿਸ ਨੇ ਜਦੋਂ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਥੈਲਿਆਂ ਵਿੱਚ ਪਾ ਕੇ ਰੱਖੀ ਹੋਈ ਮਿਲੀ, ਜੋ ਕਿ ਵੱਖ-ਵੱਖ ਮਾਰਕੇ ਦੀਆਂ ਸਨ। ਇਸ ਕਾਰਵਾਈ ਦੌਰਾਨ ਜਦੋਂ ਪੁਲਿਸ ਪਿੰਡ ਦੇ ਇੱਕ ਘਰ ਵਿੱਚ ਤਲਾਸ਼ੀ ਲੈਣ ਗਈ ਤਾਂ ਘਰ ਵਿੱਚ ਹਾਜ਼ਰ ਇੱਕ ਮਹਿਲਾ ਨੇ ਪੁਲਿਸ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਅਤੇ ਅੰਦਰ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਇਸੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਆ ਰਹੀ ਹੈ। ਉਹ ਸਬੰਧੀ ਕਈ ਵਾਰ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਕਾਰਵਾਈ ਲਈ ਬੇਨਤੀ ਕਰ ਚੁੱਕੇ ਹਾਂ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।
ਮੌਕੇ ਉੱਤੇ ਹਾਜ਼ਰ ਐੱਸ.ਐੱਚ.ਓ ਰਾਜਪਾਲ ਸਿੰਘ ਨੇ ਕਿਹਾ ਕਿ ਸੋਤਲ ਬਾਬਾ ਦੇ ਖੇਤਾਂ ਵਿੱਚੋਂ 110 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਦੇ ਇੱਕੋ ਪਰਿਵਾਰ ਦੇ ਚਾਰ ਜਣਿਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।