ਰੂਪਨਗਰ: ਪਿੰਡ ਬੜੀ ਹਵੇਲੀ ਦੇ ਲੋਕ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਆਉਣ ਕਾਰਨ ਤੰਗ ਪਰੇਸ਼ਾਨ ਹਨ। ਗੰਦੇ ਅਤੇ ਬਦਬੂਦਾਰ ਪਾਣੀ ਕਾਰਨ ਉਨ੍ਹਾਂ ਦਾ ਜੀਣਾ ਮੁਸ਼ਕਲ ਹੋ ਚੁੱਕਿਆ ਹੈ। ਕਈ ਵਾਰ ਪ੍ਰਸ਼ਾਸਨ ਨੂੰ ਇਸਦੀ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਉਹ ਫਿਰ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਹੇ ਹਨ।
ਦੱਸਣਯੋਗ ਹੈ ਕਿ ਪਿੰਡ ਵਿੱਚ ਜੋ ਸੀਵਰੇਜ ਦੀਆਂ ਪਾਈਪਾਂ ਨਿਕਲਦੀਆਂ ਹਨ, ਉਨ੍ਹਾਂ ਵਿੱਚੋਂ ਰੋਜ਼ਾਨਾ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਜਮ੍ਹਾ ਹੋ ਜਾਂਦਾ ਹੈ। ਇਸ ਕਾਰਨ ਗਲੀਆਂ ਦੇ ਵਿੱਚ ਰੋਜ਼ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ।
ਇਹ ਸਮੱਸਿਆ ਪਿਛਲੇ 8-9 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਇਸ ਬਾਰੇ ਉਹ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੇ ਵਿੱਚੋਂ ਬਦਬੂ ਇੰਨੀ ਜ਼ਿਆਦਾ ਆਉਂਦੀ ਹੈ ਕਿ ਇੱਥੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਹਨ ਤੇ ਮੌਕੇ ਦੇ ਹਾਲਾਤ ਦੇਖ ਕੇ ਚਲੇ ਜਾਂਦੇ ਹਨ ਪਰ ਕਿਸੇ ਨੇ ਕੋਈ ਇਸ ਦਾ ਹੱਲ ਨਹੀਂ ਕੱਢਿਆ।
ਪਿੰਡ ਦੇ ਕੌਂਸਲਰ ਦੇ ਪਤੀ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਵਾਸਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਇਸ ਦਾ ਕੋਈ ਹੱਲ ਨਿਕਲੇਗਾ। ਉਨ੍ਹਾਂ ਦੱਸਿਆ ਕਿ ਜੇ ਇਸ ਦਾ ਪ੍ਰਸ਼ਾਸਨ ਨੇ ਕੋਈ ਢੁੱਕਵਾਂ ਹੱਲ ਨਾ ਕੀਤਾ ਤਾਂ ਉਹ ਪਿੰਡ ਵਾਸੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ 'ਤੇ ਬੈਠ ਜਾਣਗੇ।