ਰੂਪਨਗਰ : 'ਹਿੰਦ ਦੀ ਚਾਦਰ' ਕਹੇ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰੂਪਨਗਰ 'ਚ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।
ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸੱਜਦਾ ਕਰਨ ਲਈ ਐਸਜੀਪੀਸੀ ਵੱਲੋਂ ਕੀਰਤਪੁਰ ਸਾਹਿਬ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸ੍ਰੀ ਅੰਨਦਪੁਰ ਸਾਹਿਬ 'ਚ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਹੋ ਕੇ ਗੁਰੂ ਸਹਿਬਾਨ ਨੂੰ ਸ਼ਰਧਾਂਜਲੀ ਭੇਂਟ ਕਰਨ ਪੁੱਜੀ।
ਇਸ ਬਾਰੇ ਦੱਸਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਿੰਦ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ 'ਤੇ ਆਪਣਾ ਆਪ ਵਾਰ ਕੇ ਹਿੰਦੂ ਧਰਮ ਦੀ ਰਾਖੀ ਕੀਤੀ। ਧਰਮ ਦੀ ਰਾਖੀ ਲਈ ਉਨ੍ਹਾਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ 'ਚ ਅਨੋਖੀ ਉਦਾਹਰਣ ਵਜੋਂ ਪੇਸ਼ ਹੋਈ, ਇਤਿਹਾਸ 'ਚ ਅਜਿਹੀ ਕੋਈ ਉਦਾਹਰਣ ਨਹੀਂ ਹੈ ਜਿਥੇ ਕਿਸੇ ਨੇ ਦੂਜੇ ਧਰਮ ਬਚਾਉਣ ਲਈ ਸ਼ਹਾਦਤ ਪਾਈ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਸਹਿਬਾਨ ਦੀ ਯਾਦ ਇਸ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।