ਰੂਪਨਗਰ:ਰੂਪਨਗਰ ਪੁਲਿਸ ਵੱਲੋਂ ਅੱਜ 5 ਲੋਕਾਂ ਨੂੰ ਲੋਕਾਂ ਨਾਲ ਆਨਲਾਈਨ ਠੱਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਉੱਤੇ ਲੋਕਾਂ ਨਾਲ ਈਐਸਪੀਐਨ ਗਲੋਬਲ ਨਾਂਅ ਦੇ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਲੋਕਾਂ ਨੂੰ ਨਿਵੇਸ਼ ਰੈਕਟ ਵਿੱਚ ਫਸਾ ਕੇ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਈਐਸਪੀਐਨ ਗਲੋਬਲ ਨਾਂਅ ਦੇ ਹੇਠ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਬਹੁ ਕਰੋੜੀ ਪੌਂਜੀ ਸਕੀਮ ਨਿਵੇਸ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਈਐਸਪੀਐਨ ਇੱਕ ਆਨਲਾਈਨ ਗੇਮਿੰਗ ਵੈਬਸਾਈਟ ਈ.ਐਸ.ਪੀ.ਐਨ. ਗਲੋਬਲ ਦੀ ਇੱਕ ਡੁਪਲੀਕੇਟ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਲੁਭਾਉਣ ਲਈ ਨਿਵੇਸ਼ ਕੀਤੇ ਪੈਸਿਆਂ ਨੂੰ ਹਫ਼ਤਾਵਾਰੀ ਚਾਰ ਗੁਣਾ ਕਰਨ ਦੇ ਨਾਲ- ਨਾਲ ਵਿਦੇਸ਼ੀ ਯਾਤਰਾਵਾਂ ਦੀ ਪੇਸ਼ਕਸ਼ ਵੀ ਕਰਦੀ ਹੈ।
ਪੁਲਿਸ ਵੱਲੋਂ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਕਸ਼ਿਤ ਵਾਸੀ ਸਿਰਸਾ, ਅੰਕਿਤ ਵਾਸੀ ਭਿਵਾਨੀ, ਰਾਕੇਸ਼ ਕੁਮਾਰ ਵਾਸੀ ਜ਼ੀਰਕਪੁਰ, ਗੁਰਪ੍ਰੀਤ ਸਿੰਘ ਤੇ ਸਚਿਨਪ੍ਰੀਤ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਠੱਗੇ ਗਏ 8.2 ਲੱਖ ਰੁਪਏ ਵੀ ਬਰਾਮਦ ਕੀਤੇ ਹਨ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਕਾਰਵਾਈ ਇੱਕ ਨਿਵੇਸ਼ਕ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਲਗਭਗ 16 ਲੱਖ ਰੁਪਏ ਦਾ ਨਿਵੇਸ਼ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੇ ਬਦਲੇ 'ਚ ਉਸ ਨੂੰ ਕੁੱਝ ਨਹੀਂ ਮਿਲਿਆ। ਰੂਪਨਗਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਦੀ ਮੁੱਢਲੀ ਜਾਂਚ ਦੌਰਾਨਪੁਲਿਸ ਨੇ ਮੁੰਬਈ ਸਥਿਤ ਬੈਂਕ ਖਾਤਿਆਂ ਦਾ ਪਤਾ ਲਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਵਿੱਚ ਨਕਦੀ ਟਰਾਂਸਫਰ ਕੀਤੀ ਗਈ ਸੀ ਤੇ ਇਨ੍ਹਾਂ ਖਾਤਿਆਂ ਦੀਆਂ ਸਟੇਟਮੈਂਟਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਲੋਕਾਂ ਨੇ ਪੂਰੇ ਭਾਰਤ ਵਿੱਚੋਂ ਇਸ ਪਲੇਟਫਾਰਮ 'ਤੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੈ। ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਆਨਲਾਈਨ ਸਕੀਮਾਂ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸਕੀਮ ਅਤੇ ਅਜਿਹੀਆਂ ਸਕੀਮਾਂ ਨਾਲ ਜੁੜੇ ਏਜੰਟ ਦੀ ਸਹੀ ਤਸਦੀਕ ਕੀਤੇ ਬਗੈਰ ਨਿਵੇਸ਼ ਨਾ ਕਰਨ।