ਰੂਪਨਗਰ : ਪਿੰਡ ਚਿਤਾਮਲੀ ਵਾਸੀ ਮੋਹਨ ਸਿੰਘ ਦੀ ਬੀਤੀ ਰਾਤ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਚੰਡੀਗੜ੍ਹ ਦੇ ਪੀਜੀਆਈ 'ਚ ਜ਼ੇਰੇ ਇਲਾਜ ਦਾਖਲ ਸੀ। ਕੋਰੋਨਾ ਪੀੜਤ ਮੋਹਨ ਸਿੰਘ ਦਾ ਉਸ ਦੇ ਜੱਦੀ ਪਿੰਡ ਚਤਾਮਲੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਅਧਿਕਾਰੀਆਂ ਤੇ ਪੁਲਿਸ ਦੀ ਮੌਜੂਦਗੀ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਸ੍ਰੀ ਚਮਕੌਰ ਸਾਹਿਬ ਦੇ ਸਿਹਤ ਮਹਿਕਮੇ ਦੇ ਐਸਐਮਓ ਡਾ ਹਰਬੰਸ ਸਿੰਘ, ਸ੍ਰੀ ਚਮਕੌਰ ਸਾਹਿਬ ਦੇ ਉੱਚ ਅਧਿਕਾਰੀ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਪੁਲਿਸ ਵੱਲੋਂ ਹੋਰਨਾਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਸਕਾਰ ਵਾਲੀ ਥਾਂ ਕਿਸੇ ਵੀ ਵਿਅਕਤੀ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਰੋਨਾ ਪੀੜਤ ਪਹਿਲੇ ਵਿਅਕਤੀ ਦੀ ਮੌਤ ਹੋਈ ਹੈ। ਇਸ ਵਿਅਕਤੀ ਦੀ ਪਤਨੀ ਤੇ ਪੁੱਤਰ ਵੀ ਕੋਰੋਨਾ ਵਾਇਰਸ ਪੌਜ਼ੀਟਿਵ ਹਨ ਤੇ ਉਹ ਰਾਜਪੁਰਾ ਦੇ ਗਿਆਨ ਸਾਗਰ ਹਸਪਤਾਲ 'ਚ ਜੇਰੇ ਇਲਾਜ ਹਨ।