ਰੂਪਨਗਰ: ਕੋਰੋਨਾ ਮਹਾਂਮਾਰੀ ਕਾਰਨ ਸੂਬੇ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਜ਼ਿਲ੍ਹੇੇ 'ਚ ਹੋਰਨਾਂ ਸੂਬਿਆਂ ਤੋਂ ਮਿਹਨਤ ਮਜ਼ਦੂਰੀ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫਿਊ ਦੇ ਦੌਰਾਨ ਸਾਰੇ ਕਾਰੋਬਾਰ ਬੰਦ ਹੋਣ ਦੇ ਚਲਦੇ ਇਹ ਪ੍ਰਵਾਸੀ ਮਜ਼ਦੂਰ ਆਰਥਿਕ ਪੱਖੋਂ ਬੇਹਦ ਪਰੇਸ਼ਾਨ ਹਨ ਤੇ ਜਲਦ ਤੋਂ ਜਲਦ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ।
ਇਸ ਦੌਰਾਨ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀਆਂ ਸਾਂਝੀਆਂ ਕਰਦੇ ਹੋਏ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਇਨ੍ਹਾਂ ਚੋਂ ਬਹੁਤੇ ਲੋਕ ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਸੂਬਿਆਂ ਤੋਂ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜਦ ਤੋਂ ਕਰਫਿਊ ਸ਼ੁਰੂ ਹੋਇਆ ਹੈ ਉਹ ਲਗਾਤਾਰ ਕਰਫਿਊ ਦੀ ਪਾਲਣਾ ਕਰ ਰਹੇ ਹਨ ਅਤੇ ਇਸ ਦੌਰਾਨ ਕੰਮ ਵੀ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਕੋਲ ਜੋ ਰਾਸ਼ਨ ਤੇ ਪੈਸੇ ਸਨ ਉਹ ਹੁਣ ਖ਼ਤਮ ਹੋ ਚੁੱਕੇ ਹਨ। ਹੁਣ ਜੇਕਰ ਉਹ ਸੜਕਾਂ 'ਤੇ ਕੰਮ ਦੀ ਭਾਲ 'ਚ ਨਿਕਲਦੇ ਹਨ ਤਾਂ ਪੁਲਿਸ ਡੰਡੇ ਮਾਰਦੀ ਹੈ। ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਲਈ ਹੁਣ ਗੁਜ਼ਾਰਾ ਕਰਨਾ ਬੇਹਦ ਔਖਾ ਹੋ ਗਿਆ ਹੈ। ਮੁਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੂਬਿਆਂ ਨੂੰ ਜਾਣ ਲਈ ਰਜਿਸਟ੍ਰੇਸ਼ਨ ਵੀ ਕਰਵਾਈ ਹੈ ਪਰ ਅਜੇ ਤੱਕ ਇਸ ਸਬੰਧ 'ਚ ਰੂਪਨਗਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਉਨ੍ਹਾਂ ਰੂਪਨਗਰ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਉਨ੍ਹਾਂ ਨੂੰ ਘਰ ਭੇਜੇ ਜਾਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ :ਚੰਡੀਗੜ੍ਹ 'ਚ 18 ਮਈ ਤੋਂ ਖੁੱਲ੍ਹਣਗੇ ਸਰਕਾਰੀ ਦਫ਼ਤਰ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਸੂਬੇ 'ਚ ਫਸੇ ਹੋਏ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ 'ਚ ਭੇਜਣ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਰੇਲਗੱਡੀਆਂ ਤੇ ਬੱਸਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਨਗਰ ਕੌਂਸਲ ਰੂਪਨਗਰ ਦੇ ਦਫ਼ਤਰ 'ਚ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ। ਕਈ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੋਏ ਨੂੰ ਦੋ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਮਜ਼ਦੂਰਾਂ ਦੇ ਜਾਣ ਲਈ ਰੂਪਨਗਰ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਹੈ।