ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਥਘਾਟ ਦਾ ਦੌਰਾ ਕੀਤਾ।
ਕੀਰਤਪੁਰ ਸਾਹਿਬ ਨਜ਼ਦੀਕ ਸਤਲੁਜ ਦਰਿਆ ਦੇ ਵਿੱਚ ਪੈ ਰਹੇ ਸ਼ਹਿਰ ਦੇ ਗੰਦੇ ਪਾਣੀ ਦੇ ਕਾਰਨ ਦੇਸ਼ ਵਿਦੇਸ਼ ਤੋਂ ਆਸਥਾ ਨਾਲ ਲਬਰੇਜ਼ ਲੋਕ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਪਾਉਣ ਦੇ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਥਘਾਟ ਵਿਖੇ ਪਹੁੰਚਦੇ ਹਨ ਤਾਂ ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦਿਆਂ ਉਨ੍ਹਾਂ ਦੀ ਆਸਥਾ ਉੱਤੇ ਸੱਟ ਵੱਜਦੀ ਹੈ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼ਹਿਰ ਦੀ ਗੰਦਗੀ ਦੋ ਨਾਲਿਆਂ ਦੇ ਰਸਤੇ ਪਤਾਲਪੁਰੀ ਦੇ ਨਜ਼ਦੀਕ ਬਣੇ ਅਸਥਘਾਟ ਦੇ ਵਿੱਚ ਪੈ ਰਹੀ ਸੀ ਜਿਸ ਦੇ ਚੱਲਦਿਆਂ ਇਸ ਅਸਥਘਾਟ ਦਾ ਪਾਣੀ ਗੰਧਲਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਉਹ ਇੱਥੇ ਮੌਕਾ ਦੇਖਣ ਦੇ ਲਈ ਪਹੁੰਚੇ ਹਨ ਅਤੇ ਮੌਕਾ ਦੇਖਣ ਉਪਰੰਤ ਸਾਰੀ ਸਥਿਤੀ ਤਹਿਸੀਲਦਾਰ ਵੱਲੋਂ ਐਸਡੀਐਮ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੱਭਿਆ ਜਾਵੇਗਾ।
ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਕੀਰਤਪੁਰ ਸਾਹਿਬ ਸ਼ਹਿਰ ਦਾ ਗੰਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਅਤੇ ਇਹੀ ਪਾਣੀ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਥਘਾਟ ਤੋਂ ਹੁੰਦਾ ਹੋਇਆ ਅੱਗੇ ਵਧਦਾ ਹੈ ।
ਉਧਰ ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਮ ਕਿਸ਼ਨ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਨੂੰ ਲੱਭਣ ਦੇ ਲਈ ਮੌਕੇ ਉੱਤੇ ਪਹੁੰਚੇ ਹਨ ਅਤੇ ਇਸ ਪੂਰੀ ਸਮੱਸਿਆ ਸਬੰਧੀ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਅਤੇ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਥਿਤੀ ਸਬੰਧੀ ਜਾਇਜ਼ਾ ਲੈਣ ਉਪਰੰਤ ਜਾਣਕਾਰੀ ਦੇਣਗੇ ਅਤੇ ਜਲਦ ਇਸ ਸਬੰਧੀ ਮੀਟਿੰਗ ਹੋਣ ਦੀ ਸੰਭਾਵਨਾ ਹੈ ਅਤੇ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਲੱਭਿਆ ਜਾਣ ਦੀ ਵੀ ਸੰਭਾਵਨਾ ਹੈ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਣ ਵਾਲੀ ਸੰਗਤ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।