ਸ੍ਰੀ ਅਨੰਦਪੁਰ ਸਾਹਿਬ: ਪੂਰੇ ਦੇਸ਼ ਵਿੱਚ ਅੱਜ ਹੋਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਗਿਆ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਹੋਲਾ ਮਹੱਲਾ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਲੱਖਾਂ ਸਿੱਖ ਸੰਗਤਾਂ ਨੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਉਸ ਦੇ ਨਾਲ ਹੀ ਪੂਰੇ ਦੇਸ਼ ਦੇ ਅਲੱਗ ਅਲੱਗ ਕੋਨੇ ਤੋਂ ਆਈਆਂ ਗੁਰੂ ਜੀ ਦੀਆਂ ਫ਼ੌਜਾਂ ਨੇ ਅਤੇ ਐੱਸਜੀਪੀਸੀ ਨੇ ਸ਼ਹਿਰ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਤੋਂ ਹੁੰਦਿਆ ਹੋਇਆ ਨਗਰ ਦੇ ਇੱਕ ਸਟੇਡੀਅਮ ਵਿੱਚ ਜਾ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਗੁਰੂ ਦੀਆਂ ਫ਼ੌਜਾਂ ਦੇ ਵੱਖ-ਵੱਖ ਦਲਾਂ ਦੇ ਸਿੰਘਾਂ ਨੇ ਅਸ਼ਤਰ ਸ਼ਸਤਰਾਂ ਨਾਲ ਪੈਦਲ ਅਤੇ ਘੋੜਿਆਂ ਤੇ ਸਵਾਰ ਹੋ ਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ। ਇਸ ਦੌਰਾਨ ਅਲੱਗ ਅਲੱਗ ਜੱਥੇ ਨਗਰ ਕੀਰਤਨ ਵਿੱਚ ਗੱਤਕਾ ਖੇਡਦੇ ਹੋਏ ਵੀ ਨਜ਼ਰ ਆਏ।
ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣ ਲਈ ਘੋੜਿਆਂ ਦੇ ਨਾਲ ਨਾਲ ਹਾਥੀ ਅਤੇ ਊਠਾਂ ਦਾ ਵੀ ਇਸਤੇਮਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੀ ਦਾ ਸਮਾਗ਼ਮ ਚੱਲ ਰਿਹਾ ਸੀ ਅਤੇ ਅੱਜ ਹੋਲੇ ਮੁਹੱਲੇ ਦੇ ਨਾਲ ਇਸ ਦੀ ਸਮਾਪਤੀ ਹੋਈ।
ਹੋਲੇ ਮਹੱਲੇ ਦੌਰਾਨ ਜਿੱਥੇ ਸਿੰਘਾਂ ਵੱਲੋਂ ਅਤੇ ਐੱਸਜੀਪੀਸੀ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਉਧਰ ਦੂਸਰੇ ਪਾਸੇ ਸਿੱਖ ਸੰਗਤਾਂ ਵੱਲੋਂ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੇ ਤਿਉਹਾਰ ਨੂੰ ਮਨਾਇਆ ਗਿਆ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਹੋਲੇ ਮਹੱਲੇ ਦੀ ਪ੍ਰਥਾ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਦੀ ਹੋਲੀ ਤੇ ਖ਼ਾਲਸੇ ਦਾ ਹੋਲਾ ਹੋਵੇਗਾ।
ਅੱਜ ਦੇ ਇਸ ਸਮਾਗ਼ਮ ਤੋਂ ਬਾਅਦ ਜਿਹੜੀਆਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਇੱਥੇ ਪਹੁੰਚ ਹੋਈਆਂ ਸਨ ਇਸ ਤਿਉਹਾਰ ਨੂੰ ਮਨਾ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਰਹੀਆਂ ਹਨ ਉੱਧਰ ਦੂਜੇ ਪਾਸੇ ਹਾਲੇ ਵੀ ਸੰਗਤਾਂ ਦਾ ਆਉਣਾ ਇੱਥੇ ਲਗਾਤਾਰ ਜਾਰੀ ਹੈ