ਸ੍ਰੀ ਅਨੰਦਪੁਰ ਸਾਹਿਬ: ਪਿੰਡ ਰਾਏਪੁਰ ਸਾਹਨੀ ਵਿੱਚ ਖੱਡ ਦੇ ਉੱਤੇ ਬਣੀ ਪੁਲੀ ਦੇ ਨਾਲ ਲਗਦਾ ਸਾਰਾ ਰਸਤਾ ਪਾਣੀ ਦੇ ਵਹਾਅ ਵਿੱਚ ਰੁੜ ਗਿਆ। ਇਸ ਦੇ ਚਲਦਿਆਂ ਪਿੰਡ ਵਾਸੀਆਂ ਨੂੰ ਆਵਾਜਾਈ ਕਰਨ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਿਮਾਚਲ ਵਿੱਚ 2 ਦਿਨਾਂ ਦੇ ਲਈ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਸੀ ਤੇ ਬੀਤੇ ਕੱਲ੍ਹ ਪਹਾੜਾਂ ਵਿੱਚ ਤੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਕਾਰਨ ਖੱਡਾਂ ਪਾਣੀ ਦੇ ਨਾਲ ਭਰ ਗਈਆਂ। ਇਸ ਦੇ ਚੱਲਦਿਆਂ ਪਿੰਡ ਰਾਏਪੁਰ ਸਾਹਨੀ ਦੇ ਰਾਹ ਵਿੱਚ ਖੱਡ ਦੇ ਉੱਤੇ ਬਣੀ ਪੁਲੀ ਦੇ ਨਾਲ ਸਾਰਾ ਰਾਹ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਜਿਸ ਕਾਰਨ ਪਿੰਡ ਦਾ ਸੰਪਰਕ ਸ਼ਹਿਰ ਦੇ ਨਾਲੋਂ ਕੱਟਿਆ ਗਿਆ।
ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਰਸਤਾ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਮੀਂਹ ਪੈਣ ਨਾਲ ਰਾਸਤਾ ਵਹਿ ਗਿਆ ਸੀ ਤੇ ਪਿੰਡ ਵਾਲਿਆਂ ਨੇ ਆਪਣੇ ਪੈਸੇ ਲਾ ਕੇ ਰਾਸਤਾ ਬਣਾਇਆ ਤੇ ਹੁਣ ਫਿਰ ਉਹ ਹੀ ਹਾਲ ਹਨ। ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲੀ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਾ ਕੋਈ ਪੱਕਾ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਹਰ ਸਾਲ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਮੌਕੇ 'ਤੇ ਪਹੁੰਚੇ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਮ ਕ੍ਰਿਸ਼ਨ ਨੇ ਗੱਲ ਕਰਦਿਆਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕੀ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।