ਰੂਪਨਗਰ: ਅੱਜ ਬੇਰੁਜ਼ਗਾਰੀ ਸੂਬੇ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਦੂਜੇ ਪਾਸੇ ਕੋਰੋਨਾ ਕਾਰਨ ਵੀ ਕਈਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਸੂਬਾ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਨੌਕਰੀ ਦਿਵਾਉਣ ਦੇ ਮਕਸਦ ਨਾਲ ਹੁਣ ਰੋਪੜ ਦੇ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ।
ਇਹ ਮੇਲੇ 24 ਤੋਂ 30 ਸਤੰਬਰ ਤੱਕ ਲੱਗਣਗੇ ਜਿਸ ਵਿੱਚ ਵੱਖ-ਵੱਖ ਕੰਪਨੀਆਂ ਵਿੱਚ ਬੇਰੁਜ਼ਗਾਰਾਂ ਲਈ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਰੋਪੜ ਦੇ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੰਚਾਲਕ ਰਮਨਦੀਪ ਕੌਰ ਨੇ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਇਨ੍ਹਾਂ ਮੇਲਿਆਂ ਦੇ ਵਿੱਚ ਇੱਕ ਸਮੇਂ 'ਤੇ 7 ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ। ਰੋਜ਼ਗਾਰ ਮੇਲੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਭਾਗਾਂ ਦੇ ਵਿੱਚ ਲਗਾਏ ਜਾਣਗੇ।
ਵਰਚੂਅਲ ਮੇਲੇ ਜੋ zoom ਐਪ ਰਾਹੀਂ ਕਰਵਾਏ ਜਾਣਗੇ ਜਿਸ ਵਿੱਚ ਨਿਯੋਜਕਾਂ ਵੱਲੋਂ ਆਨਲਾਈਨ ਇੰਟਰਵਿਊ ਲਈ ਜਾਵੇਗੀ। ਨਿਯੋਜਕਾਂ ਦੀ ਮੰਗ ਅਨੁਸਾਰ ਫਿਜ਼ੀਕਲ ਮੇਲੇ ਵੀ ਲਗਾਏ ਜਾ ਸਕਦੇ ਹਨ ਜਿਨ੍ਹਾਂ ਦੇ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੀਆਂ ਮੁਕੰਮਲ ਸਾਵਧਾਨੀਆਂ ਵਰਤੀਆਂ ਜਾਣਗੀਆਂ ਅਤੇ ਡਾਇਰੈਕਟ ਇੰਟਰਵਿਊ ਲਈ ਬੇਰੁਜ਼ਗਾਰ ਨੂੰ ਕੰਪਨੀ ਦਫ਼ਤਰ ਭੇਜਿਆ ਜਾਵੇਗਾ।
ਬੇਰੁਜ਼ਗਾਰ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨ 14 ਸਤੰਬਰ ਤੋਂ ਪਹਿਲਾਂ ਇਨ੍ਹਾਂ ਮੇਲਿਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਦਫ਼ਤਰ ਵਿੱਚ ਆ ਕੇ ਸੰਪਰਕ ਕਰ ਸਕਦੇ ਹਨ।