ਰੂਪਨਗਰ : ਲੀਵੀਆ ਵਿੱਚ ਫਸੇ ਨੌਜਵਾਨਾਂ 'ਚੋਂ ਚਾਰ ਨੌਜਵਾਨ ਭਾਰਤ ਵਾਪਸ ਪਰਤ ਆਏ ਹਨ ਜੋ ਬੀਤੀ ਰਾਤ ਮੁਬੰਈ ਏਅਰਪੋਰਟ ਵਿਖੇ ਪਹੁੰਚ ਗਏ ਸਨ। ਜਿੱਥੋਂ ਇਨ੍ਹਾਂ ਨੌਵਜਾਨਾਂ ਨੂੰ ਘਰ ਤੱਕ ਪਹੁੰਚਾਉਣ ਲਈ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਟਿਕਟਾਂ ਕਰਵਾਈਆਂ ਗਈਆਂ। ਪੰਜਾਬ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਨੂੰ ਲੈ ਕੇ ਰੋਪੜ ਭਾਜਪਾ ਦਫ਼ਤਰ ਪੁੱਜੇ ਅਜੈਵੀਰ ਸਿੰਘ ਲਾਲਪੁਰਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਇੱਥੋਂ ਸੰਬੰਧਤ ਹਨ ਲੀਵੀਆ ਤੋਂ ਮੁੜੇ ਨੌਜਵਾਨ: ਲਾਲਪੁਰਾ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪਿੰਡ ਲੰਗ ਮਜਾਰੀ ਦੇ ਲਖਵਿੰਦਰ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰ ਰਾਜਪੂਤਾਂ ਦੇ ਗੁਰਪ੍ਰੀਤ ਸਿੰਘ, ਜ਼ਿਲ੍ਹਾ ਮੋਗਾ ਦੇ ਪਿੰਡ ਫਤਹਿਗੜ੍ਹ ਕਰੋਤਾਣਾ ਦਾ ਨੌਜਵਾਨ ਜੋਗਿੰਦਰ ਸਿੰਘ ਲੀਵੀਆ ਤੋਂ ਵਾਪਸ ਪਰਤਿਆ ਹੈ। ਜਦੋਂਕਿ ਬਿਹਾਰ ਨਾਲ ਸੰਬੰਧਿਤ ਸਨੌਜ ਕੁਮਾਰ ਵੀ ਆਪਣੇ ਘਰ ਠੀਕਠਾਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਬਾਬਤ ਫਸੇ ਹੋਣ ਦੀ ਜਾਣਕਾਰੀ ਹਾਸਲ ਹੋਈ, ਉਸੇ ਦਿਨ ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਹੋਰ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਪਹਿਲੇ ਹੀ ਦਿਨ ਨੌਜਵਾਨਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ, ਜਿੱਥੋਂ ਉਨ੍ਹਾਂ ਨੂੰ ਨੌਜਵਾਨਾਂ ਦੀ ਮੌਜੂਦਾ ਸਥਿਤੀ ਪਤਾ ਲੱਗੀ।
ਮਰਜ਼ੀ ਨਾਲ ਦਿੰਦੇ ਸੀ ਰੋਟੀ: ਲੀਵੀਆ ਤੋਂ ਪਰਤੇ ਪਿੰਡ ਲੰਗ ਮਜਾਰੀ ਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਵਲੋਂ ਉਨ੍ਹਾਂ ਨੂੰ ਦੁਬਈ ਦਾ ਟੂਰਿਸਟ ਵੀਜ਼ਾ ਲਗਵਾ ਦਿੱਤਾ ਗਿਆ ਅਤੇ ਦੁਬਈ ਕੰਮ ਦਿਲਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ ਉੱਥੇ ਜਾ ਕੇ ਕਿਹਾ ਕਿ ਲੀਵੀਆ ਵਿਚ ਡਾਲਰਾਂ ਵਿਚ ਸੈਲਰੀ ਮਿਲੇਗੀ ਤੇ ਉਸੇ ਕੰਪਨੀ ਵਿਚ ਕੰਮ ਮਿਲੇਗਾ ਅਤੇ ਰੁਜ਼ਗਾਰ ਨਾ ਮਿਲਣ ਤੋਂ ਚਿੰਤਤ ਨੌਜਵਾਨ ਲੀਵੀਆ ਪੁੱਜ ਗਏ। ਇਥੇ ਜਾ ਕੇ ਕੰਪਨੀ ਵਲੋਂ ਉਨ੍ਹਾਂ ਕੋਲੋਂ ਬਿਨਾਂ ਤਨਖ਼ਾਹ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹ ਖਾਣਾ ਵੀ ਆਪਣੀ ਮਰਜ਼ੀ ਨਾਲ ਦਿੰਦੇ ਸਨ। ਜਿਸ ਦਾ ਵਿਰੋਧ ਨੌਜਵਾਨਾਂ ਵਲੋਂ ਕੀਤੇ ਜਾਣ 'ਤੇ ਉਨ੍ਹਾਂ ਬੇਰਹਿਮੀ ਨਾਲ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Cabinet Minister Harjot Singh Bains: ਨਿੱਜੀ ਸਕੂਲਾਂ ਨੂੰ ਹਰਜੋਤ ਬੈਂਸ ਦਾ ਇਸ਼ਾਰਾ, ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ
ਖੁਦਕੁਸ਼ੀ ਕਰਨ ਦੀ ਵੀ ਕੀਤੀ ਕੋਸ਼ਿਸ਼: ਉਨ੍ਹਾਂ ਦੱਸਿਆ ਕਿ ਇੱਕ ਮੁੰਡਾ ਜੋ ਨਵਾਂਸ਼ਹਿਰ ਇਲਾਕੇ ਦਾ ਹੈ, ਜਿਸਨੇ ਤਾਂ ਤੰਗ ਆ ਕੇ ਕਰੰਟ ਦੀਆਂ ਤਾਰਾਂ ਨੂੰ ਹੱਥ ਵੀ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਰੋ ਰੋ ਕੇ ਦੁਹਾਈ ਪਾਈ ਕਿ ਮੈਨੂੰ ਵਾਪਸ ਭੇਜ ਦਿਓ ਪਰ ਬੰਦੀ ਬਣਾ ਕੇ ਰੱਖਣ ਵਾਲੇ ਠੇਕੇਦਾਰ ਨੇ ਨਾ ਸੁਣੀ ਅਤੇ ਤਸ਼ੱਦਦ ਜਾਰੀ ਰੱਖਿਆ। ਨੌਜਵਾਨਾਂ ਨੇ ਆਪਣੇ ਜਿਸਮ 'ਤੇ ਤਸ਼ੱਦਦ ਦੇ ਨਿਸ਼ਾਨ ਵੀ ਦਿਖਾਏ ਅਤੇ ਦਾਸਤਾਨ ਸੁਣ ਕੇ ਮਾਹੌਲ ਗਮਗੀਨ ਹੋ ਗਿਆ।