ਰੋਪੜ: ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਈ-ਆਫਿਸ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਕੰਮਾਂ ਵਿੱਚ ਜਿੱਥੇ ਹੋਰ ਪਾਰਦਰਸ਼ਤਾ ਵਧੀ ਹੈ, ਉੱਥੇ ਕਾਗਜ਼ੀ ਕਾਰਵਾਈ ਵੀ ਘਟੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨਾਲ ਈ-ਆਫਿਸ ਦੇ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ।
ਇਕ ਮਹੀਨਾ ਪਹਿਲਾਂ ਅਪਣਾਈ ਗਈ ਇਸ ਪ੍ਰਣਾਲੀ ਦੇ ਕੰਮਕਾਜ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਦੀਪ ਸ਼ਿਖਾ ਨੇ ਦੱਸਿਆ ਕਿ ਈ-ਆਫਿਸ ਦੇ ਲਾਗੂ ਹੋਣ ਉਪਰੰਤ ਬਰਾਂਚਾਂ ਵਿੱਚ ਡਾਕ ਦੀ ਫਿਜ਼ੀਕਲ ਮੂਵਮੈਂਟ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫਤਰ ਦੀਆਂ ਸਮੂਹ ਸ਼ਾਖਾਵਾਂ ਵਿੱਚ ਰਸੀਦ ਨੂੰ ਸਕੈਨ ਕਰਕੇ ਇਲੈਕਟ੍ਰੋਨਿਕ ਮੂਵਮੈਂਟ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਈ-ਆਫਿਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਕਨੀਕੀ ਮਾਸਟਰ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਵੱਖ-ਵੱਖ ਬਰਾਂਚਾਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਈ-ਆਫਿਸ ਦਾ ਉਦੇਸ਼ ਦਫ਼ਤਰੀ ਦਸਤਾਵੇਜ਼ੀ ਪ੍ਰਕ੍ਰਿਆ ਨੂੰ ਹੋਰ ਪ੍ਰਭਾਵਸ਼ਾਲੀ, ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ। ਉਨਾਂ ਕਿਹਾ ਕਿ ਡੀਸੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਬਹੁਤ ਹੀ ਸਾਕਾਰਤਮਕ ਤਰੀਕੇ ਨਾਲ ਈ-ਆਫਿਸ ਦੀ ਨਵੀਂ ਪ੍ਰਣਾਲੀ ਨੂੰ ਅਪਣਾਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਸਮੂਹ ਵਿਭਾਗਾਂ ਨੂੰ ਇਸ ਈ-ਆਫਿਸ ਲਾਗੂ ਕਰਨ ਸਬੰਧੀ ਹਰ ਵਿਭਾਗ ਵਿੱਚ ਇੱਕ ਨੋਡਲ ਅਫਸਰ ਅਤੇ ਦੋ ਮਾਸਟਰ ਟਰੇਨਰ ਦੇ ਨਾਮ ਦਾ ਪ੍ਰਫੋਰਮਾ ਭਰ ਕੇ ਐਨ.ਆਈ.ਸੀ. ਦਫਤਰ ਵਿਖੇ ਜਮ੍ਹਾਂ ਕਰਾਉਣ ਅਤੇ ਇਸ ਈ-ਆਫਿਸ ਨੂੰ ਲਾਗੂ ਕਰਨ ਸਬੰਧੀ ਟ੍ਰਨਿੰਗ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਹਰ ਵਿਭਾਗ ਦੀ ਹਰ ਇੱਕ ਅਧਿਕਾਰੀ/ਕਰਮਚਾਰੀ ਜ਼ੋ ਕਿ ਫਾਇਲ ਕੰਮ ਨਾਲ ਸਬੰਧਤ ਹੋਵੇਗਾ ਉਸਦਾ ਇੱਕ ਈ.ਮੇਲ ਆਈ.ਡੀ. ਇਸ ਈ-ਆਫਿਸ ਵਿੱਚ ਬਣੇਗਾ ਅਤੇ ਸਬੰਧਤ ਅਧਿਕਾਰੀ/ਕਰਮਚਾਰੀ ਵੱਲੋਂ ਉਸ ਈ.ਮੇਲ. ਆਈ.ਡੀ. ਰਾਹੀ ਫਾਇਲ ਵਰਕ ਦਾ ਸਾਰਾ ਕੰਮ ਇਲੈਕਟ੍ਰੋਨਿਕ ਮੂਵਮੈਂਟ ਵਿੱਚ ਹੋਵੇਗਾ।