ਰੂਪਨਗਰ: ਨੰਗਲ ’ਚ ਪ੍ਰਿੰਸੀਪਲ ਦੇ ਜਿਨਸੀ ਸ਼ੋਸ਼ਣ ਮਾਮਲੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ (case of principal sexual abuse) ਹੈ। ਪੰਜਾਬ ਦਾ ਹਰ ਕੋਈ ਇਨਸਾਨ ਇਸ ਘਿਨੌਣੀ ਖ਼ਬਰ ਨੂੰ ਸੁਣ ਕੇ ਸ਼ਰਮਸਾਰ ਹੋ ਰਿਹਾ ਹੈ। ਇਸ ਜੌਨ ਸ਼ੋਸ਼ਣ ਮਾਮਲੇ ਵਿੱਚ ਵੱਡੇ ਖੁਲਾਸੇ ਹੋ ਰਹੇ ਹਨ।
ਡੀ.ਐਸ.ਪੀ ਨੰਗਲ ਸਤੀਸ਼ ਕੁਮਾਰ ਪਹਿਲਵਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 2 ਦਿਨ ਦੇ ਰਿਮਾਂਡ ’ਤੇ ਮੁਲਜ਼ਮ ਨੇ ਇੱਕ ਹੋਰ ਵਿਅਕਤੀ ਸ਼ਿਵ ਕੁਮਾਰ ਦਾ ਨਾਮ ਲਿਆ ਹੈ ਜਿਸ ਸਬੰਧੀ ਅਸੀਂ ਪੁੱਛ-ਗਿੱਛ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ 4 ਤੋਂ 5 ਲੋਕਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ, ਜਿਵੇਂ ਹੀ ਅਸੀਂ ਜਾਂਚ ਕਰਾਂਗੇ, ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਜਾਵੇਗਾ। ਇਸ ਦੌਰਾਨ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੋਈ ਵੀ ਅਣਗਹਿਲੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਕੋਈ ਵੀ ਸਿਆਸੀ ਆਗੂ ਜਾਂ ਕੋਈ ਵੀ ਪਹੁੰਚ ਵਾਲਾ ਵਿਅਕਤੀ ਪਾਇਆ ਗਿਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਡੀਐਸਪੀ ਨੇ ਦੱਸਿਆ ਕਿ ਹੁਣ ਤੱਕ ਸਿਰਫ਼ 19 ਤਸਵੀਰਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ਵਿੱਚ ਸਿਰਫ਼ ਦੋ ਲੜਕੀਆਂ ਹੀ ਸਾਹਮਣੇ ਆਈਆਂ ਹਨ ਅਤੇ ਇਹ ਮਾਮਲਾ 2010 ਤੋਂ ਹੀ ਸ਼ੁਰੂ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਤਸਵੀਰਾਂ ਕਿਵੇਂ ਵਾਇਰਲ ਹੋਈਆਂ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਜਿਸ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਸ਼ਖ਼ਸ ਕੋਲ ਮੁਲਜ਼ਮ ਪ੍ਰਿੰਸੀਪਲ ਦਾ ਲੈਟਪਾਟ ਠੀਕ ਕਰਨ ਲਈ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੱਚੀਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸੀਪਲ ਦਾ ਹੋਰ ਰਿਮਾਂਡ ਲਿਆ ਜਾਵੇਗਾ ਤੇ ਜਲਦ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਲੋਕਾਂ ਨੂੰ ਬੇਪਰਦ ਕੀਤਾ ਜਾਵੇਗਾ ਤੇ ਮੀਡੀਆ ਨੂੰ ਅਤੇ ਆਮ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਬੱਚੀਆਂ ਨਾਲ ਜਿਨਸੀ ਸ਼ੋਸ਼ਣ ਮਾਮਲੇ ’ਚ ਪ੍ਰਿੰਸੀਪਲ ਖਿਲਾਫ਼ ਕੇਸ ਦਰਜ