ਰੋਪੜ: ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸਾਲ 2019-20 ਦੇ ਸੈਸ਼ਨ ਲਈ ਜ਼ਿਲ੍ਹਾ ਪੱਧਰੀ ਅੰਡਰ-18 ਮੁਕਾਬਲੇ 01 ਅਗਸਤ ਤੋਂ 03 ਅਗਸਤ ਤੱਕ, ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਨੈਸ਼ਨਲ ਕਬੱਡੀ ਅਤੇ ਸਰਕਲ ਸਟਾਈਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਟੇਬਲ ਟੈਨਿਸ, ਵਾਲੀਬਾਲ, ਵੇਟਲਿਫਟਿੰਗ ਅਤੇ ਤੈਰਾਕੀ ਦੇ ਮੁਕਾਬਲੇ ਕਰਵਾਏ ਜਾਣਗੇ।
ਅੰਡਰ-18 ਉਮਰ ਵਰਗ ਅਧੀਨ ਵੱਖ-ਵੱਖ 12 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਨ੍ਹਾਂ ਖੇਡਾਂ ਵਿੱਚੋਂ ਮੈਰਿਟ ਦੇ ਅਧਾਰ 'ਤੇ ਖਿਡਾਰੀਆਂ ਦੀ ਚੋਣ ਕਰ ਕੇ ਸੂਬਾ ਪੱਧਰੀ ਮੁਕਾਬਲੀਆਂ 'ਚ ਟੀਮਾਂ ਭੇਜੀਆਂ ਜਾਣਗੀਆਂ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਮੈਡਲ ਅਤੇ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਨਹਿਰੂ ਸਟੇਡੀਅਮ ਵਿਖੇ ਐਥਲੈਟਿਕਸ, ਕਬੱਡੀ, ਬਾਸਕਟਬਾਲ, ਵਾਲੀਬਾਲ, ਤੈਰਾਕੀ ਅਤੇ ਫੁੱਟਬਾਲ ਖੇਡ ਦੇ ਮੁਕਾਬਲੇ ਹੋਣਗੇ ਅਤੇ ਹੈਂਡਬਾਲ ਦੇ ਮੁਕਾਬਲੇ ਖਾਲਸਾ.ਸੀ.ਸੈ.ਸਕੂਲ ਰੂਪਨਗਰ ਵਿਖੇ ਕਰਵਾਏ ਜਾਣਗੇ, ਹਾਕੀ ਦੇ ਮੁਕਾਬਲੇ ਹਾਕਸ ਕਲੱਬ ਸਮਰਾਲਾ, ਬੈਡਮਿੰਟਨ ਸ਼ਿਵਾਲਿਕ ਕਲੱਬ ਰੂਪਨਗਰ, ਟੇਬਲ-ਟੈਨਿਸ ਆਰ.ਟੀ.ਪੀ. ਪਾਵਰ ਕਲੋਨੀ ਅਤੇ ਜੂਡੋ ਖੇਡ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ਼ੀਲ ਭਗਤ ਜ਼ਿਲ੍ਹਾ ਖੇਡ ਅਫਸਰ ਨੇ ਦਸਿਆ ਕਿ ਹਾਕੀ ਅਤੇ ਤੈਰਾਕੀ ਖੇਡ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੰਡਰ-14 ਅਤੇ ਅੰਡਰ-18 ਦੇ ਮੁਕਾਬਲੇ 01, 02 ਅਤੇ 03 ਅਗਸਤ 2019 ਨੂੰ ਹੋਣਗੇ। ਖਿਡਾਰੀਆਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੋਣੀ ਹੈ, ਇਸ ਸਬੰਧੀ ਜਾਣਕਾਰੀ, ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਜਾਂ ਦਫ਼ਤਰ ਦੇ ਲੈਂਡਲਾਈਨ ਨੰ: 01881-221158 ਤੋਂ ਲਈ ਜਾ ਸਕਦੀ ਹੈ।