ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਤੋਂ ਸੂਬੇ ਦੀ ਜਨਤਾ ਨੂੰ ਬਚਾਉਣ ਲਈ ਕੈਪਟਨ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ ਤਾਂ ਜੋ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਅਤੇ ਸੋਸ਼ਲ ਡਿਸਟੈਂਸ ਰੱਖ ਕੇ ਕੋਰੋਨਾ ਤੋਂ ਬਚ ਸਕਣ। ਉੱਥੇ ਹੀ ਇਸ ਤੋਂ ਉਲਟ ਦੂਜੇ ਹਾਲਾਤਾਂ ਵਿੱਚ ਜੋ ਪਿੰਡਾਂ ਜਾਂ ਸ਼ਹਿਰਾਂ ਦੇ ਕਸਬਿਆਂ ਵਿੱਚ ਕੋਈ ਮਰੀਜ਼ ਕੋਈ ਬਿਮਾਰ ਹਨ, ਜਿਸ ਦੀ ਕਿਸੇ ਡਾਕਟਰ ਵੱਲੋਂ ਲਿਖੀ ਦਵਾਈ ਚੱਲਦੀ ਹੈ, ਉਨ੍ਹਾਂ ਨੂੰ ਇਸ ਕਰਫਿਊ ਦੇ ਚੱਲਦੇ ਦਵਾਈ ਖਰੀਦਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਹੁਣ ਇਸ ਪ੍ਰੇਸ਼ਾਨੀ ਦੇ ਹੱਲ ਲਈ ਰੂਪਨਗਰ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰੋਟੇਸ਼ਨ ਵਿੱਚ ਮੈਡੀਕਲ ਸਟੋਰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਦੇ ਖੁੱਲ੍ਹਣ ਨਾਲ ਜਿੱਥੇ ਮਰੀਜ਼ਾਂ ਨੂੰ ਦਵਾਈ ਲੈਣ ਦੇ ਵਿੱਚ ਆਸਾਨੀ ਹੋਈ ਹੈ, ਉੱਥੇ ਹੀ ਪਿੰਡਾਂ ਵਿੱਚ ਵਸਦੇ ਲੋਕ ਜੋ ਸ਼ਹਿਰ ਵਿੱਚ ਆਸਾਨੀ ਨਾਲ ਦਵਾਈ ਖਰੀਦ ਰਹੇ ਹਨ, ਉਹ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਧੰਨਵਾਦ ਕਰ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਦੇ 32 ਕਰੋੜ ਲੋਕਾਂ ਨੂੰ 3.9 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ: ਸੀਤਾਰਮਨ
ਉਧਰ ਦੂਜੇ ਪਾਸੇ ਮੈਡੀਕਲ ਸਟੋਰ ਵਾਲੇ ਵੀ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਰੁਜ਼ਾਨਾ ਜ਼ਰੂਰੀ ਦਵਾਈ ਪਹੁੰਚਾਉਣ ਵਿੱਚ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ ਅਤੇ ਸਮੇਂ ਸਿਰ ਹੋਮ ਡਿਲਿਵਰੀ ਨਹੀਂ ਪਹੁੰਚ ਸਕਦੀ ਸੀ।
ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸ਼ਹਿਰ ਵਿੱਚ ਮੈਡੀਕਲ ਸਟੋਰ ਖੋਲ੍ਹਣ ਦੀ ਦਿੱਤੀ ਇਜਾਜ਼ਤ ਨਾਲ ਮਰੀਜ਼ਾਂ ਨੂੰ, ਉਨ੍ਹਾਂ ਦੇ ਪਰਿਵਾਰਾਂ ਨੂੰ ਅਤੇ ਦਵਾਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।