ਰੂਪਨਗਰ: ਸਰਕਾਰੀ ਕਾਲਜ ਰੂਪਨਗਰ ਦੇ ਵਿੱਚ ਪੜ੍ਹਾ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਦੀ ਹੜਤਾਲ ਤੀਜੇ ਦਿਨ 'ਚ ਪਹੁੰਚ ਗਈ ਹੈ। ਉਨ੍ਹਾਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ।
ਦੱਸ ਦਈਏ ਕਿ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪੜ੍ਹਾ ਰਹੇ ਗੈਸਟ ਫੈਕਲਟੀ ਲੈਕਚਰਾਰ ਪਿਛਲੇ 3 ਦਿਨਾਂ ਤੋਂ ਮੁਕੰਮਲ ਹੜਤਾਲ 'ਤੇ ਹਨ। ਰੂਪਨਗਰ ਦੇ ਸਰਕਾਰੀ ਕਾਲਜ ਦੇ ਲੈਕਚਰਾਰਾਂ ਅਤੇ ਵਿਦਿਆਰਥੀਆਂ ਨੇ ਕੈਪਟਨ ਸਰਕਾਰ ਦਾ ਸਰਕਾਰੀ ਕਾਲਜ ਦੇ ਮੂਹਰੇ ਪੁਤਲਾ ਸਾੜਿਆ ਅਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਗੈਸਟ ਫੈਕਲਟੀ ਲੈਕਚਰਾਰਾਂ ਵੱਲੋਂ ਆਪਣੀ ਨੌਕਰੀ ਬਿਨ੍ਹਾਂ ਸ਼ਰਤ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਲੈਕਚਰਾਰਾਂ ਦੇ ਹੱਕ ਵਿੱਚ ਵਿਦਿਆਰਥੀ ਵੀ ਆ ਗਏ ਹਨ।
ਇਹ ਵੀ ਪੜ੍ਹੋ: ਫ਼ਾਰੂਖ ਅਬਦੁੱਲ੍ਹਾ ਦੀ ਨਜ਼ਰਬੰਦੀ ਖ਼ਤਮ ਕਰਨ ਦੇ ਹੁਕਮ, 7 ਮਹੀਨੇ ਮਗਰੋਂ ਹੋਣਗੇ ਰਿਹਾਅ
ਵਿਦਿਆਰਥੀਆਂ ਦਾ ਕਹਿਣਾ ਹੈ ਕਿ 16 ਮਾਰਚ ਨੂੰ ਉਨ੍ਹਾਂ ਦੇ ਇਮਤਿਹਾਨ ਸ਼ੁਰੂ ਹੋਣੇ ਹਨ ਪਰ ਕਾਲਜ ਦੇ ਵਿੱਚ ਹੜਤਾਲ ਦੇ ਚੱਲਦੇ ਉਨ੍ਹਾਂ ਦੀ ਪੜ੍ਹਾਈ ਪੂਰੀ ਤਰ੍ਹਾਂ ਖ਼ਰਾਬ ਹੋ ਰਹੀ ਹੈ। ਸਰਕਾਰੀ ਕਾਲਜ ਰੂਪਨਗਰ ਦੇ ਵਿਦਿਆਰਥੀਆਂ ਨੇ ਇਹ ਇਮਤਿਹਾਨਾਂ ਦਾ ਬਾਈਕਾਟ ਕਰਨ ਦਾ ਵੀ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਗੈਸਟ ਫੈਕਲਟੀ ਲੈਕਚਰਾਰਾਂ ਦੇ ਹੱਕ ਵਿੱਚ ਖੜ੍ਹੇ ਹਨ।
ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਦੇ ਪ੍ਰਧਾਨ ਪ੍ਰੋਫੈਸਰ ਨੀਲਮ ਨੇ ਦੱਸਿਆ ਕਿ ਅੱਜ ਹੜਤਾਲ ਨੂੰ ਤਿੰਨ ਦਿਨ ਹੋ ਗਏ ਪਰ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਜਿਸ ਦਾ ਸਾਨੂੰ ਬਹੁਤ ਅਫ਼ਸੋਸ ਹੈ। ਉਨ੍ਹਾਂ ਕਿਹਾ ਸਰਕਾਰੀ ਕਾਲਜਾਂ ਦੇ ਵਿੱਚ ਸਾਰੇ ਪ੍ਰੋਫੈਸਰ ਹੜਤਾਲ 'ਤੇ ਹਨ, ਅਜਿਹੇ ਵਿੱਚ ਸਰਕਾਰ ਇਮਤਿਹਾਨ ਕਿਵੇਂ ਲਵੇਗੀ। ਇਸ ਲਈ ਸਰਕਾਰ ਸਾਡੀਆਂ ਮੰਗਾਂ ਜਲਦ ਪੂਰੀਆਂ ਕਰੇ।