ਰੂਪਨਗਰ: ਵਿਧਾਨ ਸਭਾ ਦੀਆਂ ਚੋਣਾਂ ਕਾਰਨ ਹਰ ਪਾਰਟੀ ਭੱਬਾਂ ਭਾਰ ਹੈ ਅਤੇ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਹੀ ਰੂਪਨਗਰ ਦੇ ਨੂਰਪੁਰ ਬੇਦੀ ਦੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੁੱਜੇ।
ਇਸ ਮੌਕੇ 'ਤੇ ਸਟੇਜ ਤੋਂ ਬੋਲਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਨਾਲ ਦਿਲ ਤੋਂ ਪਿਆਰ ਹੈ ਅਤੇ ਉਹ ਪੰਜਾਬ ਦੀ ਤਰੱਕੀ ਦੇ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।
ਰੂਪਨਗਰ ਨੂੰ ਬਣਾਇਆ ਜਾਵੇਗਾ ਟੂਰਿਜ਼ਮ ਹੱਬ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸਭ ਤੋਂ ਵੱਧ ਪੈਕੇਜ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਗਿਆ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ 'ਤੇ ਰੂਪਨਗਰ ਨੂੰ ਟੂਰਿਜ਼ਮ ਹੱਬ ਬਣਾਇਆ ਜਾਵੇਗਾ।
ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਸਾਫ਼ ਸ਼ਖ਼ਸੀਅਤਾਂ ਵਾਲੇ ਵਿਅਕਤੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਵੱਡੀ ਜਿੱਤ ਦਰਜ ਕਰੇਗੀ ਅਤੇ ਪੰਜਾਬ ਵਿੱਚ ਸਰਕਾਰ ਬਣਾਏਗੀ।
ਉਨ੍ਹਾਂ ਮੋਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਗਿਣਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬਾਨਾਂ ਨੂੰ ਜੀਐੱਸਟੀ ਤੋਂ ਬਾਹਰ ਰੱਖਣਾ ਮੋਦੀ ਸਰਕਾਰ ਦੀ ਦੇਣ ਹੈ, ਇਸ ਮੌਕੇ 'ਤੇ ਜੇਪੀ ਨੱਢਾ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ। ਜੇ.ਪੀ ਨੱਡਾ ਨੇ ਕਿਹਾ ਕਿ ਲੋਕ 1984 ਵਿਚ ਕਾਂਗਰਸ ਰਾਜ ਦੇ ਵਿੱਚ ਹੋਏ ਸਿੱਖ ਕਤਲੇਆਮ ਨੂੰ ਕਦੇ ਨਹੀਂ ਭੁੱਲ ਸਕਦੇ।
ਜਦੋਂ ਜੇਪੀ ਨੱਡਾ ਚੋਣ ਸਭਾ ਵਾਲੇ ਸਥਾਨ 'ਤੇ ਪੁੱਜ ਰਹੇ ਸੀ ਤਾਂ ਰਸਤੇ ਦੇ ਵਿੱਚ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਜਸਰਾਜ ਭਾਜਪਾ ਦੇ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਭਾਜਪਾ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ:ਗ੍ਰੇਟ ਖਲੀ ਨੇ ਭਾਜਪਾ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਮੋਦੀ ਦੀਆਂ ਤਾਰੀਫਾਂ ਦੇ ਬੰਨ੍ਹੇ ਪੁੱਲ