ਰੂਪਨਗਰ : ਉੱਤਰ ਪ੍ਰਦੇਸ਼ ਦੇ ਹਾਥਰਸ 'ਚ 20 ਸਾਲਾ ਕੁੜੀ ਨਾਲ ਵਾਪਰੀ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਹਾਥਰਸ ਪੀੜਤਾ ਨੂੰ ਇਨਸਾਫ ਦਵਾਉਣ ਲਈ ਭੀਮ ਆਰਮੀ ਨੇ ਨੰਗਲ 'ਚ ਚੱਕਾ ਜਾਮ ਕੀਤਾ।
ਭੀਮ ਆਰਮੀ ਦੇ ਵਰਕਰਾਂ ਤੇ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਇਸ ਰੋਸ ਮੁਜ਼ਾਹਰੇ 'ਚ ਹਿੱਸਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉੱਤਰ ਪ੍ਰਦੇਸ਼ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਯੂਪੀ ਦੇ ਸੀਐਮ ਨੇ ਯੋਗੀਆਂ ਵਾਲਾ ਬਾਣਾ ਪਾਇਆ ਹੈ, ਪਰ ਉਹ ਕੰਮ ਗੁੰਡਿਆਂ ਵਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਥਰਸ ਦੀ ਇਹ ਘਟਨਾ ਸਮੂਚੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਭੀਮ ਆਰਮੀ ਵੱਲੋਂ ਪੀੜਤਾ ਨੂੰ ਇਨਸਾਫ ਦਵਾਉਣ ਲਈ ਲਗਾਤਾਰ ਧਰਨੇ ਲਗਾਏ ਜਾਣਗੇ। ਉਨ੍ਹਾਂ ਆਖਿਆ ਕਿ ਜਦ ਤੱਕ ਪੀੜਤਾ ਨੂੰ ਇਨਸਾਫ ਨਹੀਂ ਮਿਲ ਜਾਂਦਾ ਧਰਨੇ ਜਾਰੀ ਰਹਿਣਗੇ।
ਪ੍ਰਦਰਸ਼ਨਕਾਰੀਆਂ ਵੱਲੋਂ ਨੰਗਲ ਡੈਮ ਤੇ ਨੰਗਲ ਦੀਆਂ ਸੜਕਾਂ 'ਤੇ ਚੱਕਾ ਜਾਮ ਕਰਨ ਦੇ ਚਲਦੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਆਵਾਜਾਈ ਪ੍ਰਭਾਵਤ ਹੋਈ। ਇਸ ਦੌਰਾਨ ਆਵਾਜਾਈ 'ਚ ਮੁਸ਼ਕਲ ਆਉਣ ਦੇ ਬਾਵਜੂਦ ਰਾਹਗੀਰਾਂ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਤੇ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ।
ਧਰਨਾ ਪ੍ਰਦਰਸ਼ਨ ਵੱਧ ਜਾਣ ਕਾਰਨ ਮੌਕੇ 'ਤੇ ਥਾਣਾ ਨੰਗਲ ਦੇ ਐਸਐਚਓ ਪਵਨ ਕੁਮਾਰ ਤੇ ਨਾਇਬ ਤਹਿਸੀਲਦਾਰ ਰਾਮਕਿਸ਼ਨ ਮੌਕੇ 'ਤੇ ਪੁੱਜੇ। ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਦੇ ਖਿਲਾਫ ਸਖ਼ਤ ਕਾਰਵਾਈ ਸਬੰਧੀ ਆਪਣਾ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ। ਨਾਇਬ ਤਹਿਸੀਲਦਾਰ ਨੇ ਉਨ੍ਹਾਂ ਦਾ ਮੰਗ ਪੱਤਰ ਸਰਕਾਰਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਹਟਾ ਦਿੱਤਾ।