ਰੂਪਨਗਰ: ਸੂਬੇ ਅੰਦਰ ਕੈਪਟਨ ਦੀ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦਾ ਸਮਾਂ ਲੰਘ ਚੁੱਕਿਆ ਹੈ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਿਕਾਸ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ। ਆਓ ਤੁਹਾਨੂੰ ਦਿਖਾਉਂਦੇ ਹਾਂ ਰੂਪਨਗਰ ਸ਼ਹਿਰ ਦੇ ਵਿਕਾਸ ਦੀ ਇੱਕ ਤਸਵੀਰ।
ਇਸ ਨੂੰ ਵੇਖ ਕੇ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵਿਕਾਸ ਹੈ ਜਾਂ ਕੁਝ ਹੋਰ, ਥੋੜ੍ਹੀ ਜਿਹੀ ਬਰਸਾਤ ਹੁੰਦੀ ਹੈ ਤਾਂ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਪਾਣੀ ਖੜ੍ਹ ਜਾਂਦਾ ਹੈ ਕਿਉਂਕਿ ਜਗ੍ਹਾ ਜਗ੍ਹਾ ਤੇ ਸੜਕਾਂ ਉੱਤੇ ਵਿੱਚ ਟੋਏ ਪਏ ਹੋਏ ਹਨ ਤੇ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ।
ਇਹ ਜਿੱਥੇ ਪਾਣੀ ਖੜ੍ਹਾ ਹੈ ਇਹ ਹੈ ਗਿਆਨੀ ਜੈਲ ਸਿੰਘ ਨਗਰ ਜੋ ਰੂਪਨਗਰ ਦਾ ਪੌਸ਼ ਏਰੀਆ ਕਿਹਾ ਜਾਂਦਾ ਹੈ ਹਾਲਾਂਕਿ ਪਿਛਲੀ ਸਰਕਾਰ ਦੇ ਸਮੇਂ ਇਹ ਸਾਰੀ ਸੜਕ ਕੰਕਰੀਟ ਦੀ ਬਣਾ ਦਿੱਤੀ ਗਈ ਸੀ ਪਰ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਇੱਥੇ ਸੜਕ ਦੇ ਵਿੱਚ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਤਲਾਬ ਬਣ ਜਾਂਦਾ ਹੈ ਜਿਸ ਕਾਰਨ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
ਇਸ ਤੋਂ ਇਲਾਵਾ ਰੂਪਨਗਰ ਦੇ ਬੇਲਾ ਚੌਕ ਵਾਲੀ ਸੜਕ , ਸ਼ਹਿਰ ਦੀ ਪ੍ਰਮੁੱਖ ਐਂਟਰੀ ਤੇ ਨਗਰ ਕੌਂਸਲ ਦੇ ਕੋਲ ਵਾਲੀ ਸੜਕ , ਸਨਸਿਟੀ ਕਾਲੋਨੀ ਵਾਲੀ ਸੜਕ ਤਕਰੀਬਨ ਹਰ ਜਗ੍ਹਾ ਸੜਕਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਪ੍ਰਸ਼ਾਸਨ ਸਰਕਾਰ ਦੇ ਨੁਮਾਇੰਦੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਵਾਅਦੇ ਕੀਤੇ ਜਾਂਦੇ ਹਨ ਪਰ ਤੁਸੀਂ ਹਾਲਤ ਖ਼ੁਦ ਦੇਖ ਸਕਦੇ ਹੋ ਸੜਕਾਂ ਦੀ ਕੀ ਹੈ।
ਉਧਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਸਾਢੇ ਤਿੰਨ ਸਾਲ ਹੋ ਗਏ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਆਈ ਨੂੰ ਪਰ ਰੂਪਨਗਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਨਾ ਤਾਂ ਇਸ ਵੱਲ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਨਾ ਹੀ ਕਾਂਗਰਸ ਦੇ ਨੁਮਾਇੰਦੇ।