ਰੂਪਨਗਰ : ਰੂਪਨਗਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਭਾਖੜਾ ਨਹਿਰ ਵਿਚ ਦੋ ਨੌਜਵਾਨ ਡੁੱਬ ਗਏ ਹਨ ਅਤੇ ਮੌਕੇ 'ਤੇ ਗੋਤਾਖ਼ੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਖਰੜ ਤੋਂ ਨੌਜਵਾਨ ਘੁੰਮਣ ਲਈ ਇਸ ਇਲਾਕੇ ਵਿੱਚ ਆਏ ਸਨ ਅਤੇ ਪਿੰਡ ਰੰਗੀਲਪੁਰ ਦੇ ਕੋਲ ਉਹ ਭਾਖੜਾ ਨਹਿਰ 'ਤੇ ਜਾ ਕੇ ਮੋਬਾਇਲ ਨਾਲ ਫੋਟੋਆਂ ਖਿੱਚਣ ਲੱਗੇ। ਇਸ ਦੌਰਾਨ ਇਕ ਨੌਜਵਾਨ ਨਹਿਰ ਦੇ ਵਿੱਚ ਹੱਥ ਧੋਣ ਗਿਆ ਤਾਂ ਨਹਿਰ ਵਿਚ ਜਾ ਡਿੱਗਿਆ ਅਤੇ ਦੂਜੇ ਨੌਜਵਾਨ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਿਆ। ਮੌਕੇ ਉੱਤੇ ਦੋਨੋਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ ਗਏ। ਇਹਨਾਂ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਗੋਤਾਖੋਰ ਵੀ ਮੌਕੇ 'ਤੇ ਪਹੁੰਚ ਗਏ। ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Opium started supply in Punjab: ਹੁਣ ਝਾਰਖੰਡ ਤੋਂ ਪੰਜਾਬ 'ਚ ਹੋਣ ਲੱਗੀ ਅਫੀਮ ਦੀ ਸਪਲਾਈ, ਪੁਲਿਸ ਨੇ ਦੋ ਸੱਕੇ ਭਰਾਵਾਂ ਨੂੰ ਕੀਤਾ ਕਾਬੂ
ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਨੇ ਨੌਜਵਾਨ: ਨਹਿਰ ਵਿਚ ਬਹਿ ਜਾਣ ਵਾਲੇ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਖਰੜ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦੇ ਸਨ। ਪਾਣੀ ਦੇ ਤੇਜ਼ ਬਹਾਅ ਵਿੱਚ ਡੁੱਬੇ ਨੌਜਵਾਨਾਂ ਦੀ ਪਛਾਣ ਸੁਮਿਤ ਜਿਸਦੀ ਉਮਰ 27 ਸਾਲ ਵਾਸੀ ਬਸਲਾ ਡਾਕਘਰ ਰੋਹਡੂ ਸ਼ਿਮਲਾ ਅਤੇ ਬਰਾਜ਼ ਜਿਸ ਦੀ ਉਮਰ 32 ਸਾਲ ਸੀ ਉਹ ਵੀ ਸ਼ਿਮਲੇ ਦਾ ਹੀ ਵਸਨੀਕ ਸੀ। ਫਿਲਹਾਲ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ, ਉਥੇ ਹੀ ਗੋਤਾਖੋਰਾਂ ਵੱਲੋਂ ਦੋਵੇਂ ਨੌਜਵਾਨਾਂ ਦੀ ਭਾਲ ਜਾਰੀ ਹੈ। ਪੁਲਿਸ ਨੂੰ ਉਮੀਦ ਹੈ ਕਿ ਨੌਜਵਾਨਾਂ ਦੀ ਭਾਲ ਕੀਤੀ ਜਾਵੇਗੀ। ਪਰ ਜਿਉਂਦੇ ਹੋਣਗੇ ਜਾਂ ਨਹੀਂ ਇਹ ਵਕ਼ਤ ਹੀ ਦੱਸੇਗਾ। ਕਿਓਂਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਿੰਤਾ ਬਣੀ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ ਹੈ। ਗੋਤਾਖੋਰਾਂ ਵੱਲੋਂ ਆਕਸੀਜਨ ਸਲੰਡਰ ਦੀ ਮਦਦ ਦੇ ਨਾਲ ਭਾਖੜਾ ਨਹਿਰ ਦੇ ਡੂੰਘੇ ਭਾਗ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਪਲ ਪਲ ਦੀ ਖਬਰ : ਜ਼ਿਕਰਯੋਗ ਹੈ ਕਿ ਅਕਸਰ ਹੀ ਅਜਿਹੀ ਥਾਵਾਂ ਉੱਤੇ ਜਾਣ ਤੋਂ ਪਹਿਲਾਂ ਨੌਜਵਾਨਾਂ ਨੂੰ ਸਤਰਕ ਕੀਤਾ ਜਾਂਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਨਾ ਹੋਣ ਇਸਦਾ ਖਿਆਲ ਰੱਖਣ। ਇਸ ਲਈ ਜੋ ਸਾਵਧਾਨੀਆਂ ਦੱਸੀਆਂ ਜਾਂਦੀਆਂ ਹਨ ਓਹਨਾ ਦੀ ਪਾਲਣਾ ਵੀ ਕੀਤੀ ਜਾਵੇ। ਪਰ ਬਾਵਜੂਦ ਅਜਿਹੀ ਅਣਗਹਿਲੀ ਵਰਤਣਾ ਆਖਰ ਮੰਦਭਾਗਾ ਨਤੀਜਾ ਸਾਹਮਣੇ ਲਿਆਉਂਦੀ ਹੈ। ਫਿਲਹਾਲ ਗੁਮਸ਼ੁਦਾ ਨੌਜਵਾਨਾਂ ਦੇ ਜਾਣਕਾਰ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਹੈ ਕਿ ਨਹੀਂ ਇਹ ਵੀ ਸਾਹਮਣੇ ਨਹੀਂ ਆਇਆ। ਪਰ ਜਿਸ ਕੰਪਨੀ ਵਿਚ ਨੌਜਵਾਨ ਕੰਮ ਕਰਦੇ ਸਨ ਉਸ ਕੰਪਨੀ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਜਿੰਨਾ ਵੱਲੋਂ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਤੋਂ ਪਲ ਪਲ ਦੀ ਖਬਰ ਵੀ ਲਈ ਜਾ ਰਹੀ ਹੈ।