ਪਟਿਆਲਾ: ਯੂਥ ਅਕਾਲੀ ਦਲ ਨੇ ਇੱਕ ਗੀਤ ਨੂੰ ਲੈ ਕੇ ਗਾਇਕ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰਨ 'ਤੇ ਪੰਜਾਬ ਸਰਕਾਰ ਅਤੇ ਪਟਿਆਲਾ ਪੁਲਿਸ 'ਤੇ ਸਵਾਲ ਚੁੱਕੇ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਪਟਿਆਲਾ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਾਇਕ ਨੂੰ ਸਿਰਫ਼ ਕਿਸਾਨ ਐਂਥਮ ਗਾਉਣ ਦੀ ਸਜ਼ਾ ਮਿਲ ਰਹੀ ਹੈ, ਕਿਉਂਕਿ ਇਸ ਗੀਤ ਨਾਲ ਨੌਜਵਾਨਾਂ ਵਿੱਚ ਜ਼ੋਸ਼ ਭਰ ਰਿਹਾ ਹੈ।
'ਸ਼੍ਰੀ ਬਰਾੜ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ'
ਯੂਥ ਆਗੂ ਰੋਮਾਣਾ ਨੇ ਕਿਹਾ ਕਿ ਕਿਸਾਨ ਐਂਥਮ ਇਸ ਕਿਸਾਨੀ ਸੰਘਰਸ਼ ਦਾ ਅਨਆਫ਼ਿਸ਼ੀਅਲ ਐਂਥਮ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਨੌਜਵਾਨਾਂ ਵਿੱਚ ਸੰਘਰਸ਼ ਵਿੱਚ ਸਾਥ ਦੇਣ ਲਈ ਜੋਸ਼ ਭਰ ਰਿਹਾ ਹੈ। ਇਹ ਐਂਥਮ ਕੇਂਦਰ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਡੇ ਅੰਦਰ ਜ਼ਜਬਾ ਭਰਦਾ ਹੈ, ਪਰ ਪੰਜਾਬ ਸਰਕਾਰ ਅੱਜ ਗੀਤ ਗਾਉਣ ਵਾਲੇ ਗਾਇਕ ਸ਼੍ਰੀ ਬਰਾੜ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ, ਜਿਸ ਲਈ ਪੰਜਾਬ ਪੁਲਿਸ ਨੂੰ ਵਰਤਿਆ ਗਿਆ ਹੈ। ਇਹ ਗੀਤ ਨੇ ਸੰਘਰਸ਼ ਨੂੰ ਬਲ ਦਿੱਤਾ ਹੈ, ਇਸ ਲਈ ਹੀ ਸ਼੍ਰੀ ਬਰਾੜ ਨਿਸ਼ਾਨਾ ਬਣਾਇਆ ਗਿਆ।
'ਗਾਇਕ ਨੂੰ ਸਿਰਫ਼ ਕਿਸਾਨ ਐਂਥਮ ਗਾਉਣ ਦੀ ਸਜ਼ਾ ਮਿਲ ਰਹੀ'
ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਸ਼੍ਰੀ ਬਰਾੜ ਨਾਲ ਜ਼ਿਆਦਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਇਕ ਦੀ ਕੁੱਟਮਾਰ ਕੀਤੇ ਜਾਣ ਬਾਰੇ ਵੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਇਕ ਨਾਲ ਮਿਲਣ ਬਾਰੇ ਵੀ ਪੁਲਿਸ ਬਿਆਨ ਦੇ ਰਹੀ ਹੈ ਕਿ ਕਾਨੂੰਨ ਮਨਜ਼ੂਰੀ ਨਹੀਂ ਦਿੰਦਾ ਕਿ ਮਿਲਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਜੋ ਵੀ ਸ਼੍ਰੀ ਬਰਾੜ ਨਾਲ ਵਾਪਰ ਰਿਹਾ ਹੈ ਸਿਰਫ਼ 'ਕਿਸਾਨ ਐਂਥਮ' ਗਾਉਣ ਦੀ ਸਜ਼ਾ ਮਿਲ ਰਹੀ ਹੈ, ਜਿਸ ਵਿਰੁੱਧ ਅਕਾਲੀ ਦਲ ਡੱਟ ਕੇ ਲੜਾਈ ਲੜੇਗਾ।
'ਕੈਪਟਨ ਦਾ ਰਿਮੋਟ ਅਮਿਤ ਸ਼ਾਹ ਦੇ ਹੱਥ'
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਭ ਕੁੱਝ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕਰਵਾਇਆ ਗਿਆ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਰਿਮੋਟ ਅਮਿਤ ਸ਼ਾਹ ਦੇ ਹੱਥ ਵਿੱਚ ਹੈ। ਇਸ ਲਈ ਜੋ ਵੀ ਭਾਜਪਾ ਦੀ ਕੇਂਦਰ ਸਰਕਾਰ, ਪੰਜਾਬ ਦੀ ਕੈਪਟਨ ਸਰਕਾਰ ਨੂੰ ਹੁਕਮ ਦਿੰਦੀ ਹੈ, ਉਹ ਹੀ ਪੰਜਾਬ ਵਿੱਚ ਹੋ ਰਿਹਾ ਹੈ।