ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਐਸਸੀ ਵਿੰਗ ਨੇ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਵਜ਼ੀਫੇ ਵਿੱਚ ਘੁਟਾਲਾ ਕਰਨ ਵਾਲੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਸ਼ਹਿਰੀ ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੁਤਲਾ ਫੂਕਦੇ ਹੋਏ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕੈਪਟਨ ਮੁਰਦਾਬਾਦ, ਸਾਧੂ ਸਿੰਘ ਮੁਰਦਾਬਾਦ ਦੇ ਨਾਹਰੇ ਵੀ ਲਾਏ।
ਇਸ ਮੌਕੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਨੇ ਸਾਧੂ ਸਿੰਘ ਧਰਮਸੋਤ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਲਿਤ ਭਾਈਚਾਰੇ ਵਿੱਚ ਘੁਟਾਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਇੱਕ ਬਹੁ-ਕਰੋੜੀ ਘੁਟਾਲਾ ਹੈ, ਜੋ ਕਿ ਦਲਿਤ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਭਾਈਚਾਰੇ ਦੇ ਮੰਤਰੀ ਨੇ ਹੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸੇ ਰੋਸ ਦੇ ਮੱਦੇਨਜ਼ਰ ਅਤੇ ਮੰਤਰੀ ਵਿਰੁੱਧ ਕਾਰਵਾਈ ਕਰਵਾਉਣ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਧੂ ਸਿੰਘ ਧਰਮਸੋਤ ਕੈਬਨਿਟ ਤੋਂ ਬਾਹਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।