ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਧਰਨੇ ਤੇ ਰੋਸ ਮੁਜ਼ਾਹਰਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਇਸ ਵਿੱਚ ਦੋ ਜਥੇਬੰਦੀਆਂ ਦੇ ਨਾਲ ਹੋਰ ਕਈ ਆਜ਼ਾਦ ਜਥੇਬੰਦੀਆਂ ਨੇ ਰਲ ਕੇ ਵੱਡੀ ਗਿਣਤੀ ਵਿੱਚ ਯੂਟੀ ਸੰਘਰਸ਼ ਮੁਲਾਜ਼ਮ ਪੰਜਾਬ ਯੂਨੀਅਨ ਦੇ ਵਰਕਰਾਂ ਨੇ ਇਕੱਠੇ ਹੋ ਕੇ ਸ਼ਹਿਰ ਦੇ ਨਹਿਰੂ ਪਾਰਕ ਤੋਂ ਰੋਸ ਮਾਰਚ ਕਰਦੇ ਹੋਏ ਮੋਤੀ ਮਹਿਲ ਵੱਲ ਕੂਚ ਕੀਤਾ, ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
ਮਾਲ ਰੋਡ ਤੋਂ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਜਾ ਰਹੇ, ਇਨ੍ਹਾਂ ਲੋਕਾਂ ਨੂੰ ਪਟਿਆਲਾ ਮਾਲ ਰੋਡ ਸਥਿਤ ਕੈਪਿਟਲ ਥੀਏਟਰ ਅੱਗੇ ਰੋਕ ਲਿਆ ਗਿਆ। ਇਨ੍ਹਾਂ ਦੀਆਂ ਮੁੱਖ ਮੰਗਾਂ ਹਨ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੰਮ ਦਿੱਤਾ ਜਾਵੇ।
ਪਿਛਲੇ ਧਰਨਿਆਂ ਦੌਰਾਨ ਜਿਹੜੇ ਅਧਿਆਪਿਕਾਂ ਉੱਪਰ ਪਰਚੇ ਦਰਜ ਹੋਏ ਹਨ, ਉਹ ਰੱਦ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਮੀਟਿੰਗਾਂ ਦਾ ਸਮਾਂ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨਹੀਂ ਮਿਲਦੇ, ਇਹ ਸਭ ਵੀ ਪੱਕਾ ਕੀਤਾ ਜਾਵੇ। ਜੇਕਰ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਮਿਲਦਾ ਤਾਂ ਉਹ ਮੋਤੀ ਮਹਿਲ ਤੱਕ ਕੂਚ ਕਰਨਗੇ।
ਇਸੇ ਦੌਰਾਨ ਪਟਿਆਲਾ ਦੇ ਐਸਡੀਐਮ ਨੇ ਪਹੁੰਚ ਕੇ ਇਨ੍ਹਾਂ ਕੋਲੋਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਨੂੰ ਸੌਂਪਿਆ। ਮੀਟਿੰਗ ਦੀ ਤਾਰੀਕ 4 ਮਾਰਚ 2020 ਚੰਡੀਗੜ੍ਹ ਦੀ ਤੈਅ ਕੀਤੀ ਗਈ ਹੈ। ਪਟਿਆਲਾ ਦੇ ਐਸਡੀਐਮ ਚਰਨਜੀਤ ਸਿੰਘ ਦੇ ਯਕੀਨ ਦੇਣ ਤੋਂ ਬਾਅਦ ਇਨ੍ਹਾਂ ਨੇ ਆਪਣੇ ਰੋਸ ਪ੍ਰਦਰਸ਼ਨ ਨੂੰ ਵਿਰਾਮ ਦਿੱਤਾ ਅਤੇ ਕਿਹਾ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਤਾਂ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ: ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ ਡੋਨਾਲਡ ਟਰੰਪ, ਪੀਐਮ ਮੋਦੀ ਨੇ ਕੀਤਾ ਸਵਾਗਤ