ਪਟਿਆਲਾ: ਬੀਤੇ ਦਿਨ ਸੀਆਈਏ ਸਟਾਫ਼ ਵੱਲੋਂ ਸਵਿਫਟ ਕਾਰ ਖੋਹ ਕੇ ਫ਼ਰਾਰ ਹੋਏ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੀਆਈਏ ਸਟਾਫ਼ ਨੇ ਹੋਰ ਪੁੱਛਗਿੱਛ ਲਈ ਨਾਭਾ ਅਦਾਲਤ ਵਿੱਚ ਪੇਸ਼ ਕਰਕੇ 15 ਅਕਤੂਬਰ ਤੱਕ ਰਿਮਾਂਡ ਹਾਸਲ ਕਰ ਲਿਆ ਹੈ। ਉਧਰ, ਇਸ ਮਾਮਲੇ ਵਿੱਚ ਤਾਰ ਜੁੜੇ ਹੋਣ ਦੇ ਮੱਦੇਨਜ਼ਰ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਬਾਬਾ ਨੂੰ 17 ਅਕਤੂਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਨਾਭਾ-ਛੀਂਟਾਂਵਾਲਾ ਰੋਡ 'ਤੇ 6 ਅਕਤੂਬਰ ਨੂੰ ਪਿੰਡ ਕਕਰਾਲਾ ਵਿਖੇ ਸਵਿਫ਼ਟ ਕਾਰ ਦੀ ਖੋਹ ਦੇ ਮਾਮਲੇ ਵਿੱਚ ਸੀਆਈਏ ਪਟਿਆਲਾ ਪੁਲਿਸ ਨੇ ਦੋ ਗੈਂਗਸਟਰਾਂ ਗਗਨਦੀਪ ਸਿੰਘ ਉਰਫ ਗੱਗੀ ਅਤੇ ਕੁਲਵੰਤ ਸਿੰਘ ਜੱਗੂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 32 ਬੋਰ ਪਿਸਤੌਲ, ਮੈਗਜ਼ੀਨ, 14 ਰੋਂਦ, ਇੱਕ ਦੇਸੀ ਪਿਸਤੌਲ 315 ਬੋਰ ਅਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੁੱਛਗਿੱਛ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਤਾਰ ਜੁੜੇ ਹੋਣ ਬਾਰੇ ਖੁਲਾਸਾ ਕੀਤਾ ਸੀ।
ਹੁਣ ਪੁਲਿਸ ਨੇ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਨਜ਼ਰਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਨਾਭਾ ਅਦਾਲਤ ਵਿੱਚ ਪੇਸ਼ ਕਰਕੇ 17 ਅਕਤੂਬਰ ਤੱਕ ਰਿਮਾਂਡ ਹਾਸਲ ਕੀਤਾ ਹੈ। ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅਦਾਲਤ ਲਿਆਉਣ ਦੌਰਾਨ ਪੁਲਿਸ ਵੱਲੋਂ ਅਦਾਲਤ ਦੇ ਅੰਦਰ ਅਤੇ ਬਾਹਰ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਵੱਖ-ਵੱਖ ਧਰਾਵਾਂ ਤਹਿਤ 43 ਮੁਕੱਦਮੇ ਦਰਜ ਹਨ ਅਤੇ ਇਸ ਨੇ ਪਿਛਲੇ ਸਮੇਂ ਦੌਰਾਨ ਮਸ਼ਹੂਰ ਸਿੰਗਰ ਪਰਮੀਸ਼ ਵਰਮਾ ਤੋਂ ਫ਼ਿਰੌਤੀ ਦੀ ਰਕਮ ਨਾ ਦੇਣ 'ਤੇ ਉਸ 'ਤੇ ਗੋਲੀ ਚਲਾ ਦਿੱਤੀ ਸੀ।
ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਜੋ ਬੀਤੀ 6 ਅਕਤੂਬਰ ਨੂੰ ਦੋ ਗੈਂਗਸਟਰਾਂ ਵੱਲੋਂ ਕਾਰ ਖੋਹੀ ਗਈ ਸੀ। ਮਾਮਲੇ ਵਿੱਚ ਅਦਾਲਤ ਨੇ ਦੋਵਾਂ ਗੈਂਗਸਟਰਾਂ ਨੂੰ 15 ਅਕਤੂਬਰ ਤੱਕ ਰਿਮਾਂਡ 'ਤੇ ਭੇਜਿਆ ਹੈ, ਜਦਕਿ ਹੋਰ ਪੁੱਛਗਿੱਛ ਲਈ ਦਿਲਪ੍ਰੀਤ ਬਾਬਾ ਨੂੰ 17 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਹੈ, ਜਿਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋ ਸਕਦੇ ਹਨ।