ਪਟਿਆਲਾ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ 21 ਦਿਨਾਂ ਲਈ ਤਾਲਾਬੰਦੀ ਕੀਤੀ ਗਈ ਹੈ ਪਰ ਪੰਜਾਬ ਵਿੱਚ ਅਹਿਤਿਆਤ ਦੇ ਤੌਰ ਉੱਤੇ ਕਰਫਿਊ ਲਗਾਇਆ ਗਿਆ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ ਇਸ ਲਈ ਫ੍ਰੀ ਹੋਮ ਡਿਲੀਵਰੀ ਦਾ ਹੱਲ ਕੱਢਿਆ ਗਿਆ ਪਰ ਇਸ ਦੇ ਬਾਵਜੂਦ ਵੀ ਲੋਕ ਪਰੇਸ਼ਾਨ ਹਨ।
ਫ੍ਰੀ ਹੋਮ ਡਿਲੀਵਰੀ ਤਹਿਤ ਦਵਾਈਆਂ ਅਤੇ ਰਾਸ਼ਨ ਹਰ ਘਰ ਤੱਕ ਪਹੁੰਚੇਗਾ ਅਤੇ ਲੋਕਾਂ ਨੂੰ ਇਕੱਠ ਕਰਨ ਦੀ ਜਾਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਲੋਕਾਂ ਨੂੰ ਇਹ ਸੁਵਿਧਾ ਨਹੀਂ ਮਿਲ ਪਾ ਰਹੀ। ਅਜਿਹਾ ਹੀ ਮਾਮਲਾ ਪਟਿਆਲਾ ਦੇ ਜੁਝਾਰ ਨਗਰ ਤੋਂ ਸਾਹਮਣੇ ਆਇਆ ਹੈ।
ਦਰਅਸਲ ਜੁਝਾਰ ਨਗਰ ਦੇ ਵਾਸੀ ਪ੍ਰਦੀਪ ਕਪਿਲਾ ਨੇ ਆਪਣੇ ਇਲਾਕੇ ਵਿੱਚ ਆਉਂਦੀਆਂ ਚਾਰ ਕਰਿਅਨੇ ਦੀਆਂ ਦੁਕਾਨਾਂ ਉੱਤੇ ਫੋਨ ਕੀਤਾ ਪਰ ਤਿੰਨ ਥਾਂ ਫੋਨ ਕੀਤਾ ਤਾਂ ਉਨ੍ਹਾਂ ਚੁੱਕਿਆ ਨਹੀਂ ਜਦੋਂ ਚੌਥੀ ਥਾਂ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਮਾਨ ਨਹੀਂ ਪਹੁੰਚਾ ਸਕਦੇ ਕਿਉਂਕਿ ਸਵਾ ਕਿੱਲੋ ਮੀਟਰ ਦਾ ਫਾਸਲਾ ਹੈ।
ਜੇ ਸਵਾ ਕਿਲੋਮੀਟਰ ਤੱਕ ਦੀ ਵੀ ਹੋਮ ਡਲਿਵਰੀ ਨਹੀਂ ਹੋ ਪਾ ਰਹੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਹੋਮ ਡਲਿਵਰੀ ਦੇ ਦਾਅਵੇ ਕਿੰਨੇ ਕੁ ਸੱਚ ਹੋਣਗੇ।