ਪਟਿਆਲਾ: ਬੀਤੀ ਰਾਤ ਬੇਮੌਸਮੇ ਮੀਂਹ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਮੰਡੀਆਂ ਵਿੱਚ ਖ਼ਰਾਬ ਹੋ ਗਈ ਹੈ। ਜੇਕਰ ਏਸ਼ੀਆ ਦੀ ਦੂਜੇ ਨੰਬਰ ‘ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਦੇ ਵਿੱਚ ਖ਼ਰਾਬ ਹੋ ਗਈਆਂ ਹਨ ਅਤੇ ਦੂਜੇ ਪਾਸੇ ਕਿਸਾਨ ਜੋ ਆਪਣੀ ਫਸਲ ਲੈ ਕੇ ਆਏ ਸੀ ਉਹ ਵੀ ਬਿਲਕੁਲ ਖ਼ਰਾਬ ਹੋ ਚੁੱਕੀ ਹੈ ਜਿਸ ਕਰਕੇ ਕਿਸਾਨ ਚਿੰਤਾ ਵਿੱਚ ਹਨ। ਇੱਕ ਪਾਸੇ ਜਿੱਥੇ ਸਰਕਾਰਾਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀਆਂ ਦੂਜੇ ਪਾਸੇ ਕੁਦਰਤ ਦੀ ਕਰੋਪੀ ਵੀ ਉਨ੍ਹਾਂ ‘ਤੇ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਫ਼ਸਲ ਦੀ ਨਮੀ ਨੂੰ ਵਧਾਉਣਾ ਚਾਹੀਦਾ ਹੈ ਅਤੇ 20 ਤੋਂ ਉੱਪਰ ਕਰਨਾ ਚਾਹੀਦਾ ਹੈ।
ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਇੰਤਜ਼ਾਮ ਦੇ ਦਾਅਵੇ ਕੀਤੇ ਗਏ ਸਨ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੰਡੀਆਂ ਵਿੱਚ ਰੁਲ ਰਹੇ ਹਾਂ ਪਰ ਕੇਂਦਰ ਸਰਕਾਰ ਵੱਲੋਂ ਜੋ ਮੋਆਇਸਚਰ 17 ਕੀਤਾ ਹੈ ਇਸ ਨੂੰ ਵਧਾ ਕੇ 20 ਕਰਨਾ ਚਾਹੀਦਾ ਹੈ।
ਇਸ ਮੌਕੇ ‘ਤੇ ਮੰਡੀ ਵਿੱਚ ਆਏ ਕਿਸਾਨ ਜੁਝਾਰ ਸਿੰਘ, ਕਿਸਾਨ ਕਰਨੈਲ ਸਿੰਘ, ਕਿਸਾਨ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਆਈ ਸੀ ਅਤੇ ਬੀਤੀ ਰਾਤ ਜੋ ਭਾਰੀ ਮੀਂਹ ਪਿਆ ਹੈ ਇਸ ਨਾਲ ਸਾਡੀ ਫ਼ਸਲ ਵੀ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਹੁਣ ਜੇਕਰ ਮੌਸਮ ਠੀਕ ਹੋ ਜਾਂਦਾ ਹੈ ਤਾਂ ਸਾਨੂੰ ਕਈ ਦਿਨ ਮੰਡੀਆਂ ਵਿੱਚ ਇੱਥੇ ਖੱਜਲ-ਖੁਆਰ ਹੋਣਾ ਪਵੇਗਾ ਕਿਉਂਕਿ ਮੰਡੀ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਫ਼ਸਲ ਪਈ ਹੈ ਉਹ ਖ਼ਰਾਬ ਹੋ ਚੁੱਕੀ ਹੈ।
ਕਿਸਾਨਾਂ ਨੇ ਕਿਹਾ ਕਿ ਖੇਤਾਂ ਵਿਚ ਵੀ ਹੁਣ ਫਸਲ ਦੀ ਕਟਾਈ ਨਹੀਂ ਹੋਣੀ ਕਿਉਂਕਿ ਖੇਤਾਂ ਵਿੱਚ ਵੀ ਪਾਣੀ ਭਰ ਚੁੱਕਾ ਹੈ ਜਿਸ ਕਰਕੇ ਚਾਰ ਤੋਂ ਪੰਜ ਦਿਨ ਸੁੱਕਣ ਨੂੰ ਸਮਾਂ ਲੱਗੇਗਾ। ਕਿਸਾਨਾਂ ਨੇ ਕਿਹਾ ਕਿ ਜੋ ਸਾਡੀ ਫਸਲ ਖਰਾਬ ਹੋਈ ਹੈ ਸਰਕਾਰ ਉਸ ਦਾ ਮੁਆਵਜ਼ਾ ਦੇਵੇ।
ਇਸ ਮੌਕੇ ‘ਤੇ ਮਜ਼ਦੂਰ ਯੂਨੀਅਨ ਦੇ ਆਗੂ ਨੇ ਕਿਹਾ ਕਿ ਜੋ ਇਹ ਬੋਰੀਆਂ ਪਾਣੀ ਵਿੱਚ ਖ਼ਰਾਬ ਹੋ ਚੁੱਕੀਆਂ ਹਨ ਇਸ ਨੂੰ ਪਲਟੀ ਮਾਰ ਕੇ ਇਸ ਨੂੰ ਟਾਂਗਾ ਲਗਾਵਾਂਗੇ ਅਤੇ ਤਾਂ ਹੀ ਇਹ ਪੰਜ ਛੇ ਦਿਨਾਂ ਵਿੱਚ ਝੋਨੇ ਦੀ ਫਸਲ ਸੁੱਕੇਗੀ ਅਤੇ ਹੁਣ ਜੋ ਝੋਨੇ ਦਾ ਸੀਜ਼ਨ ਚੱਲ ਰਿਹਾ ਇਹ ਵੀ ਲੇਟ ਹੋਵੇਗਾ।
ਇਹ ਵੀ ਪੜ੍ਹੋ:ISI ਨੂੰ ਜਾਣਕਾਰੀ ਦਿੰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ, 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ