ਪਟਿਆਲਾ: ਸੂਬੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪਟਿਆਲਾ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਵੇਖਦਿਆਂ ਜ਼ਿਲ੍ਹਾ ਮੈਜੀਸਟਰੇਟ ਵੱਲੋਂ ਕਈ ਨਵੇਂ ਨਿਯਮ ਵੀ ਬਣਾਏ ਗਏ ਹਨ। ਪਟਿਆਲਾ ਦੇ ਕਈ ਇਲਾਕੇ ਕਨਟੇਨਮੈਂਟ ਜ਼ੋਨ ਐਲਾਨੇ ਗਏ ਹਨ।
ਜ਼ਿਲ੍ਹਾ ਮੈਜੀਸਟਰੇਟ 'ਚ ਨਿਯਮਾਂ 'ਚ ਸਖ਼ਤੀ ਕਰਦਿਆਂ ਪਾਰਕਾਂ 'ਚ ਸੈਰ ਕਰਨ ਵਾਲਿਆਂ ਲਈ ਨਵੇਂ ਕਾਨੂੰਨ ਬਣਾਏ ਹਨ। ਹੁਣ ਪਾਰਕਾਂ 'ਚ ਸੈਰ ਕਰ ਰਹੇ ਲੋਕਾਂ ਲਈ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ 'ਤੇ ਡਿਜ਼ਾਜ਼ਟਰ ਮੈਨੇਜਮੈੈਂਟ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਈਟੀਵੀ ਭਾਰਤ ਦੀ ਟੀਮ ਨੇ ਜ਼ਿਲ੍ਹੇ ਦੇ ਪਾਰਕ 'ਚ ਸੈਰ ਕਰ ਰਹੇ ਲੋਕਾਂ ਦੇ ਇਸ ਸੰਬੰਧੀ ਸੁਝਾਅ ਜਾਣੇ, ਜਿਸ 'ਚ ਵਧੇਰੇ ਲੋਕ ਸਰਕਾਰ ਦਾ ਸਾਥ ਦਿੰਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਅੱਜ ਸਮੁੱਚੀ ਦੁਨੀਆ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ 'ਚ ਵੀ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਸੂਬੇ 'ਚ ਕੋਰੋਨਾ ਪੀੜਤਾਂ ਦੇ ਹੁਣ ਤਕ 7 ਹਜ਼ਾਰ ਤੋਂ ਵੱਧ ਮਾਮਲੇ ਹੋ ਚੁੱਕੇ ਹਨ। ਸਰਕਾਰ ਨੇ ਵੀ ਕੋਰੋਨਾ ਦੇ ਬਚਾਅ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।