ਪਟਿਆਲਾ: ਪਿੰਡ ਪਸਿਆਣਾ ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਪਿੰਡ ਵਿੱਚ 27 ਸਾਲ ਦਾ ਸਰਪੰਚ ਭੁਪਿੰਦਰ ਸਿੰਘ ਦਾ ਕਤਲ ਪਿੰਡ ਦੇ ਹੀ 2 ਪੰਚਾਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ।
ਮ੍ਰਿਤਕ ਸਰਪੰਚ ਦੇ ਭਤੀਜੇ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੋਨਾਂ ਦੇ ਨਾਲ 15-20 ਲੋਕ ਹੋਰ ਆਏ ਸਨ ਜਿਨ੍ਹਾਂ ਨੇ ਉਸ ਦੇ ਚਾਚੇ ਉੱਤੇ ਹਮਲਾ ਕੀਤਾ। ਜ਼ਖਮੀ ਨੂੰ ਚੰਡੀਗੜ PGI ਵਿੱਚ ਲਿਜਾਇਆ ਗਿਆ ਜਿਸ ਦੀ ਉੱਥੇ ਮੌਤ ਹੋ ਗਈ।
ਉਸ ਨੇ ਕਿਹਾ ਕਿ ਇਹ ਦੋਵੇਂ ਉਸ ਦੇ ਚਾਚੇ ਕੋਲੋ ਸਰਪੰਚੀ ਖੋਹ ਕੇ ਆਪ ਸਰਪੰਚ ਬਣਨਾ ਚਾਹੁੰਦੇ ਸਨ। ਹਮਲਾਵਰਾਂ ਵਲੋਂ ਪਹਿਲਾ ਵੀ ਸਰਪੰਚ ਉੱਤੇ ਹਮਲਾ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਸੀ।
ਇਨ੍ਹਾਂ ਦੋਵਾਂ ਵਿਚੋਂ ਇੱਕ ਉੱਤੇ ਪਹਿਲਾਂ ਵੀ ਕਤਲ ਦਾ ਮਾਮਲਾ ਚੱਲ ਰਿਹਾ ਹੈ। ਮ੍ਰਿਤਕ ਸਰਪੰਚ ਦੇ ਭਤੀਜੇ ਨੇ ਦੋਸ਼ੀਆਂ ਨੂੰ ਜਲਦ ਫੜਨ ਦੀ ਅਪੀਲ ਕੀਤੀ ਹੈ। ਪੁਲਿਸ ਪਿੰਡ ਪਹੁੰਚ ਕੇ ਪੁੱਛਗਿੱਛ ਕਰ ਰਹੀ ਹੈ।