ਪਟਿਆਲਾ: ਪੰਜਾਬ ਸਰਕਾਰ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਕਿ ਕਿਸਾਨ ਉਹ ਫ਼ਸਲਾਂ ਬੀਜਣ ਜਿਨ੍ਹਾਂ ਨਾਲ ਪਾਣੀ ਦੀ ਬੱਚਤ ਹੋ ਸਕੇ। ਸਰਕਾਰ ਦੀ ਇਸੇ ਗੱਲ 'ਤੇ ਅਮਲ ਕਰਦੇ ਹੋਏ ਪਟਿਆਲਾ ਦੇ ਪਿੰਡ ਮੰਡੋੜ ਦੇ ਕਿਸਾਨਾਂ ਨੇ 95 ਬਿੱਘੇ ਵਿਚ ਮੱਕੀ ਦੀ ਫ਼ਸਲ ਬੀਜੀ ਸੀ, ਜੋ ਮੀਂਹ ਦੇ ਪਾਣੀ ਨਾਲ ਤਬਾਹ ਹੋ ਚੁੱਕੀ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਬੀਜਣ ਤੋਂ ਪਹਿਲਾਂ ਸਰਕਾਰ ਦੇ ਮੁਲਾਜ਼ਮ ਪਿੰਡ-ਪਿੰਡ ਜਾ ਕੇ ਮੱਕੀ ਬੀਜਣ ਦੇ ਫ਼ਾਇਦੇ ਸਮਝਾਉਂਦੇ ਸਨ ਪਰ ਫ਼ਸਲ ਖ਼ਰਾਬ ਹੋਣ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਇਹ ਵੀ ਦੱਸਿਆ ਕਿ ਫ਼ਸਲ ਬਹੁਤ ਵਧੀਆ ਹੋਈ ਸੀ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਾਰੀ ਫ਼ਸਲ ਬਰਬਾਦ ਹੋ ਗਈ। 95 ਬਿੱਘੇ ਵਿਚ ਬੀਜੀ ਮੱਕੀ ਦਾ ਕੁੱਲ ਨੁਕਸਾਨ 10 ਲੱਖ ਰੁਪਏ ਦੱਸਿਆ ਜਾ ਰਿਹਾ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਨੁਕਸਾਨ ਦਾ ਛੇਤੀ ਤੋਂ ਛੇਤੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਖ਼ੁਦਕੁਸ਼ੀ ਦੇ ਰਾਹ 'ਤੇ ਜਾਣ ਬਾਰੇ ਨਾ ਸੋਚਣ।