ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਅੱਜ ਪਟਿਆਲਾ ਵਿੱਚ ਸੀਐੱਮ ਯੋਗਸ਼ਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਪਹੁੰਚੇ, ਪਰ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਪ੍ਰੋਗਰਾਮ ਦੇ ਨੇੜੇ ਹੀ ਸਰਕਾਰ ਖਿਲਾਫ ਧਰਨਾ ਦਿੱਤਾ ਦਿੱਤਾ ਅਤੇ ਉਨ੍ਹਾਂ ਦੇ ਧਰਨੇ ਦੀ ਵਜ੍ਹਾ ਸੀ ਬੇਮੌਸਮੀ ਬਰਸਾਤ ਕਾਰਣ ਹੋਇਆ ਕਿਸਾਨਾਂ ਦਾ ਨੁਕਸਾਨ। ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਮੇਰੇ ਪਿੱਛੇ ਕਈ ਅਜਿਹੇ ਕਿਸਾਨ ਹਨ, ਜਿਨ੍ਹਾਂ ਕੋਲ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ, ਉਨ੍ਹਾਂ ਕਿਹਾ ਕਿਸਾਨਾਂ ਨੇ ਸੀਐੱਮ ਨੂੰ ਮਿਲਣ ਲਈ ਸਮਾਂ ਮੰਗਿਆ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੀਐੱਮ ਨਾਲ ਮਿਲਣ ਨਹੀਂ ਦਿੱਤਾ।
ਸੂਬਾ ਸਰਕਾਰ ਦੇ ਦਾਅਵੇ ਖੋਖਲ੍ਹੇ: ਇਸ ਮੌਕੇ ਸਾਬਕਾ ਮੁੱਖ ਮੰਤਰੀ ਦੀ ਕੁੜੀ ਜੈ ਇੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਦ ਨੂੰ ਹਮੇਸ਼ਾ ਕਿਸਾਨ ਹਿਤੈਸ਼ੀ ਦੱਸਿਆ ਹੈ। ਉਨ੍ਹਾਂ ਕਿਹਾ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਕਿਸਾਨਾਂ ਦੀ ਫਸਲ ਨੂੰ ਬੇਮੌਸਮੀ ਬਰਸਾਤ ਕਾਲ ਬਣ ਕੇ ਤਬਾਹ ਕਰ ਰਹੀ ਹੈ। ਸੀਐੱਮ ਭਗਵੰਤ ਮਾਨ ਨੂੰ ਕਿਸਾਨਾਂ ਦੀ ਪੁੱਤ ਵਾਂਗ ਪਾਲੀ ਫਸਲ ਦੇ ਤਬਾਹ ਹੋਣ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਐੱਮ ਨੇ ਕਿਹਾ ਸੀ ਕਿ 15 ਦਿਨਾਂ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇਗਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਨੇ ਸੀਐੱਮ ਦੇ ਫੋਕੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ।
ਮੁਆਵਜ਼ਿਆਂ ਦਾ ਐਲਾਨ: ਦੱਸ ਦਈਏ ਬੀਤੇ ਦਿਨੀ ਪੰਜਾਬ ਸਰਕਾਰ ਨੇ ਬੇਮੌਮਸੀ ਬਰਸਾਤ ਕਾਰਨ ਬਰਬਾਦ ਹੋਈ ਕਿਸਾਨਾਂ ਦੀ ਰੰਗ ਵਟਾ ਰਹੀ ਫਸਲ ਦੇ ਸਬੰਧੀ ਖ਼ਾਸ ਤੌਰ ਉੱਤੇ ਕੈਬਨਿਟ ਮੀਟਿੰਗ ਕੀਤੀ। ਕੈਬਨਿਟ ਮੀਟਿੰਗ ਵਿੱਚ ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤੈਅ ਕੀਤਾ ਗਿਆ ਸੀ। ਜਿਨ੍ਹਾਂ ਕਿਸਾਨਾਂ ਦੀ ਸਾਰੀ ਫ਼ਸਲ ਖਰਾਬ ਹੋਈ ਉਹਨਾਂ ਨੂੰ 15 ਹਜ਼ਾਰ ਪ੍ਰਤੀ ਏਕੜ ਅਤੇ ਬਾਕੀਆਂ ਨੂੰ 6800 ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ। ਪੰਜਾਬ ਸਰਕਾਰ ਵੱਲੋਂ ਇਹ ਕਿਹਾ ਵੀ ਗਿਆ ਸੀ ਕਿ ਗਿਰਦਾਵਰੀ ਪਿੰਡ ਦੇ ਲੋਕਾਂ ਦੇ ਸਾਹਮਣੇ ਕੀਤੀ ਜਾਵੇਗੀ, ਜਿਨ੍ਹਾਂ ਘਰਾਂ ਦਾ ਵੀ ਨੁਕਸਾਨ ਹੋਇਆ ਉਨ੍ਹਾਂ ਨੂੰ ਨੁਕਸਾਨ ਦੇ ਮੁਤਾਬਿਕ 5200 ਰੁਪਏ ਦਿੱਤਾ ਜਾਣਗੇ ਅਤੇ ਜਿਨ੍ਹਾਂ ਘਰਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਉਹਨਾਂ ਨੂੰ 1,20000 ਰੁਪਏ ਦਿੱਤੇ ਜਾਣਗੇ। ਮੰਤਰੀ ਧਾਲੀਵਾਲ ਨੇ ਐਲਾਨ ਕੀਤਾ ਸੀ ਕਿ ਵਿਸਾਖੀ ਵਾਲੇ ਦਿਨ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ।