ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ 119 ਪ੍ਰਵਾਸੀ ਭਾਰਤੀਆਂ ਨੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਅੱਜ ਰਾਤ 10 ਵਜੇ ਦੇ ਕਰੀਬ ਪਹੁੰਚਣਾ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਹੋਣ ਵਾਲੇ ਭਾਰਤੀਆਂ ਵਿੱਚ 67 ਪੰਜਾਬ ਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਨ੍ਹਾਂ ਭਾਰਤੀਆਂ ਦੇ ਪਰਿਵਾਰਿਕ ਮੈਂਬਰ ਵੀ ਇਨ੍ਹਾਂ ਨੂੰ ਲੈਣ ਲਈ ਇਥੇ ਪਹੁੰਚਣ ਅਤੇ ਅਸੀਂ ਵਿੱਚ ਇਸ ਲਈ ਪੂਰੇ ਇਤਜ਼ਾਮ ਕੀਤੇ ਹੋਏ ਹਨ। ਸਾਡੀਆਂ ਗੱਡੀਆਂ ਤਿਆਰ ਹਨ ਅਸੀਂ ਰਾਤ ਨੂੰ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚ ਦੇਵਾਂਗੇ।
‘ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਲੋਕਾਂ ਨੂੰ ਅੱਜ ਹੀ ਭੇਜਿਆ ਜਾਵੇਗਾ ਘਰ’
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਭਾਰਤੀਆਂ ਨੂੰ ਤਰੁੰਤ ਹੀ ਹਵਾਈ ਅੱਡੇ ਤੋਂ ਬਾਹਰ ਲੈ ਕੇ ਆ ਜਾਵਾਂਗੇ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਜੋ ਦੂਜੇ ਸੂਬਿਆਂ ਨਾਲ ਸਬੰਧਿਤ ਲੋਕ ਹੋਣਗੇ ਉਨ੍ਹਾਂ ਦੇ ਰੁਕਣ ਦਾ ਇੰਤਜ਼ਾਮ ਏਅਰਪੋਰਟ ਦੇ ਅੰਦਰ ਹੀ ਕੀਤਾ ਗਿਆ ਅਤੇ ਸਵੇਰੇ 6:30 ਵਜੇ ਦੀ ਫਲਾਈਟ ਦੇ ਜ਼ਰੀਏ ਉਨ੍ਹਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।
‘ਪਵਿੱਤਰ ਸ਼ਹਿਰ ਨੂੰ ਡਿਪੋਰਟ ਸੈਂਟਰ ਨਾ ਬਣਾਓ’
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਪਵਿੱਤਰ ਨਗਰੀ ਨੂੰ ਡਿਪੋਰਟ ਸੈਂਟਰ ਨਾ ਬਣਾਓ। ਭਾਜਪਾ ਦੇ ਸਵਾਲਾਂ ਦੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਅਮਰੀਕਾ ਤੋਂ ਅੰਮ੍ਰਿਤਸਰ ਨੇੜੇ ਹੈ ਤਾਂ ਫਿਰ ਅੰਮ੍ਰਿਤਸਰ ਤੋਂ ਅਮਰੀਕਾ ਲਈ ਸਿੱਧੀ ਫਲਾਈਟ ਕਿਉਂ ਨਹੀਂ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਆ ਰਹੇ 119 ਭਾਰਤੀਆਂ ਨੂੰ ਬੇੜੀਆਂ ਜਾਂ ਹੱਥਕੜੀਆਂ ਲਗਾਈਆਂ ਹਨ ਜਾਂ ਨਹੀਂ ? ਇਸ ਬਾਰੇ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੋ ਇਨ੍ਹਾਂ ਭਾਰਤੀਆਂ ਨੂੰ ਰਿਸੀਵ ਕਰਨ ਆ ਰਹੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਰੇਲਵੇ ਦੇ ਕੰਮ ਵੱਲ ਧਿਆਨ ਦੇਣ ਅਤੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਉਹ ਅੰਮ੍ਰਿਤਸਰ ਤੋਂ ਰਿਸੀਵ ਕਰ ਲੈਣਗੇ ਅਤੇ ਜੋ ਲੋਕ ਪੰਜਾਬ ਨਾਲ ਸੰਬੰਧਿਤ ਹਨ, ਜੇਕਰ ਉਹ ਉੱਥੋਂ ਕੋਈ ਕੰਮ ਸਿੱਖਕੇ ਆਇਆ ਹੋਇਆ ਤਾਂ ਅਸੀਂ ਉਸ ਨੂੰ ਉਹ ਕੰਮ ਕਰਨ ਦਾ ਮੌਕਾ ਦੇਵਾਂਗੇ।
‘ਪੰਜਾਬੀਆਂ ਨੂੰ ਬਦਨਾਮ ਨਾ ਕਰੋ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਬਦਨਾਮ ਨਾ ਕਰੋ, ਪੰਜਾਬੀਆਂ ਉੱਤੇ ਗੁੱਸਾ ਨਾ ਕਰੋ, ਕਿ ਅਸੀਂ ਪੰਜਾਬ ਵਿੱਚੋਂ ਜਿੱਤੇ ਨਹੀਂ ਹਾਂ। 2027 ਵਿੱਚ ਤੁਸੀਂ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਲਈ ਇਨ੍ਹਾਂ ਪੰਜਾਬੀਆਂ ਦੇ ਘਰ ਜਾਓਗੇ। ਉਨ੍ਹਾਂ ਕਿਹਾ ਕਿ ਬਾਕੀ ਦੇਸ਼ਾਂ ਵਾਂਗ ਤੁਸੀਂ ਵੀ ਆਪਣਾ ਜਹਾਜ਼ ਭੇਜ ਸਕਦੇ ਸੀ ਤਾਂ ਜੋ ਉਨ੍ਹਾਂ ਨੂੰ ਇੱਜ਼ਤ ਨਾਲ ਲਿਆਂਦਾ ਜਾ ਸਕੇ। ਅਸੀਂ ਪੂਰੇ ਪੰਜਾਬ ਵਿੱਚ ਇਨ੍ਹਾਂ ਨੂੰ ਭੇਜਣ ਵਾਲੇ ਏਜੰਟਾਂ ਉੱਤੇ ਵੀ ਕਾਰਵਾਈ ਕਰਾਂਗੇ।