ਅੰਮ੍ਰਿਤਸਰ : ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ 119 ਭਾਰਤੀ ਅੱਜ ਰਾਤ (ਸ਼ਨੀਵਾਰ) 10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਜਹਾਜ਼ ਵਿੱਚ 67 ਦੇ ਕਰੀਬ ਪੰਜਾਬੀ ਹਨ। ਇਨ੍ਹਾਂ ਪੰਜਾਬੀਆਂ ਦੇ ਵਿੱਚ ਇੱਕ ਜਤਿੰਦਰ ਸਿੰਘ ਨਾਂ ਦਾ ਨੌਜਵਾਨ ਵੀ ਸ਼ਾਮਲ ਹੈ ਜੋ ਅੰਮ੍ਰਿਤਸਰ ਦੇ ਪਿੰਡ ਵਡਾਲਾ ਦਾ ਰਹਿਣ ਵਾਲਾ ਹੈ। ਡਿਪੋਰਟ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ।
‘ਏਜੰਟ ਨੇ ਕੀਤਾ ਧੋਖਾ’
ਪੀੜਤ ਪਰਿਵਾਰ ਨੇ ਕਿਹਾ ਕਿ "ਉਨ੍ਹਾਂ ਦਾ ਪੁੱਤਰ ਜਤਿੰਦਰ ਸਿੰਘ ਅੱਜ ਤੋਂ 5 ਮਹੀਨੇ ਪਹਿਲਾਂ ਦਿੱਲੀ ਦੇ ਇੱਕ ਏਜੰਟ ਦੇ ਰਾਹੀਂ ਅਮਰੀਕਾ ਦੇ ਲਈ ਰਵਾਨਾ ਹੋਇਆ ਸੀ। ਉਸ ਏਜੰਟ ਨੂੰ ਅਸੀਂ 45 ਲੱਖ ਰੁਪਏ ਦਿੱਤੇ ਹਨ, ਜਿਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ 10 ਦਿਨਾਂ ਦੇ ਅੰਦਰ ਅਮਰੀਕਾ ਪਹੁੰਚਾ ਦਿੱਤਾ ਜਾਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਸਾਡੇ ਪੁੱਤਰ ਨੂੰ ਅਮਰੀਕਾ ਜਾਣ ਲਈ ਪੰਜ ਮਹੀਨੇ ਲੱਗ ਜਾਣਗੇ। ਏਜੰਟ ਨੇ ਝੂਠ ਬੋਲ ਕੇ ਸਾਡੇ ਪੁੱਤਰ ਨੂੰ ਡੰਕੀ ਰਾਹੀ ਅਮਰੀਕਾ ਭੇਜਿਆ। 23 ਜਨਵਰੀ ਨੂੰ ਉਨ੍ਹਾਂ ਦੀ ਜਤਿੰਦਰ ਸਿੰਘ ਨਾਲ ਫੋਨ ਉੱਤੇ ਗੱਲ ਹੋਈ ਸੀ ਅਤੇ ਉਸਨੇ ਕਿਹਾ ਸੀ ਕਿ ਉਹ 1 ਜਾਂ 2 ਦਿਨ ਤੱਕ ਅਮਰੀਕਾ ਦੀ ਕੰਧ ਟੱਪ ਜਾਵੇਗਾ ਅਤੇ ਫਿਰ ਫੋਨ ਕਰੇਗਾ। ਪਰ ਹੁਣ ਉਹ ਡਿਪੋਰਟ ਹੋ ਵਾਪਿਸ ਆ ਰਿਹਾ ਹੈ। ਅਸੀਂ 45 ਲੱਖ ਇਕੱਠਾ ਕਰਨ ਲਈ ਜ਼ਮੀਨ ਅਤੇ ਆਪਣਾ ਸਾਰਾ ਸੋਨਾ ਵੇਚ ਦਿੱਤਾ ਹੈ ਤੇ ਹੁਣ ਅਸੀਂ ਉਜੜ ਗਏ ਹਾਂ"
![DEPORTED FROM AMERICA](https://etvbharatimages.akamaized.net/etvbharat/prod-images/15-02-2025/pb-asr-5files-americasedeportjatindersinghfamily-story-pb10026_15022025165825_1502f_1739618905_208.jpg)
2 ਭੈਣਾਂ ਦਾ ਇਕਲੌਤਾ ਭਰਾ ਹੈ ਜਤਿੰਦਰ ਸਿੰਘ
ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਕਿ ਸਾਡਾ ਪੁੱਤਰ ਡਿਪੋਰਟ ਹੋ ਕੇ ਆ ਰਿਹਾ ਹੈ। 2 ਭੈਣਾਂ ਦਾ ਇਹ ਇਕਲੌਤਾ ਭਰਾ ਹੈ ਅਤੇ ਉਸ ਦੀਆਂ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ। ਅਸੀਂ ਸਾਰੀ ਜ਼ਮੀਨ ਵੇਚ ਕੇ ਆਪਣੇ ਇਕਲੌਤੇ ਪੁੱਤਰ ਜਤਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਸਾਡੇ ਘਰ ਦੇ ਹਲਾਤ ਠੀਕ ਹੋ ਸਕਣ। ਪਰ ਸਾਨੂੰ ਕੀ ਪਤਾ ਸੀ ਕਿ ਸਾਡੇ ਹਲਾਤ ਹੋਰ ਮਾੜੇ ਹੋ ਜਾਣਗੇ।
ਏਜੰਟਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ
ਪਰਿਵਾਰ ਦਾ ਕਹਿਣਾ ਹੈ ਕਿਹਾ ਕਿ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਹਨ ਪਰ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਬਹੁਤ ਜਿਆਦਾ ਹੈ, ਜਿਸਦੇ ਚੱਲਦੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਜੇਕਰ ਪੰਜਾਬ ਵਿੱਚ ਰੁਜ਼ਗਾਰ ਹੋਵੇ ਤਾਂ ਕੋਈ ਬੱਚਾ ਵਿਦੇਸ਼ ਨਾ ਜਾਵੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਬੱਚੇ ਆਪਣਾ ਭਵਿੱਖ ਸੁਧਾਰ ਸਕਣ। ਉੱਥੇ ਹੀ ਪਰਿਵਾਰ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਅਜਿਹੇ ਏਜੰਟਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ ਜੋ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੇ ਹਨ।