ਪਟਿਆਲਾ: ਕੋਵਿਡ 19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਜਿੱਥੇ ਪੂਰੇ ਵਿਸ਼ਵ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਹਨ, ਉੱਥੇ ਹੀ ਪੰਜਾਬ ਸਰਕਾਰ ਨੇ ਵੀ ਇਸ ਨੂੰ ਠੱਲ੍ਹ ਪਾਉਣ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਸਰਕਾਰ ਵੱਲੋਂ ਹੋਮ ਡਿਲਵਰੀ ਦੀ ਗੱਲ ਕਹੀ ਜਾ ਰਹੀ ਹੈ ਪਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸਰਕਾਰ ਦੇ ਕਹੇ ਦੀਆਂ ਸ਼ਰੇਆਮ ਧੱਜੀਆਂ ਉੱਡ ਦੀਆਂ ਵਿਖਾਈ ਦੇ ਰਹੀਆਂ ਹਨ।
ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਸਮਾਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ਉਹ ਬਾਹਰ ਜਾ ਕੇ ਕਿਤੇ ਇਕੱਠ ਨਾ ਕਰਨ।
ਪਰ ਜੇ ਤੁਸੀਂ ਇਹ ਤਸਵੀਰਾਂ ਵੇਖ ਲਵੋਂਗੇ ਤਾਂ ਇਸ ਤੋਂ ਸਾਫ਼ ਹੋ ਜਾਵੇਗਾ ਕਿ ਲੋਕ ਕਿੰਨਾ ਕੁ ਸਰਕਾਰ ਦੀਆਂ ਗੱਲਾਂ ਨੂੰ ਮੰਨਦੇ ਹਨ। ਇਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਸਮਾਨ ਵੇਚਣ ਵਾਲੇ ਛੋਟੇ ਹਾਥੀ ਕੋਲ ਕਿਵੇਂ ਲੋਕਾਂ ਨੇ ਇਕੱਠ ਕੀਤਾ ਹੋਇਆ ਹੈ। ਲੋਕਾਂ ਨੇ ਇਸ ਵੇਲੇ ਕਿਤੇ ਵੀ ਸ਼ੋਸਲ ਡਿਸਟੈਂਸ ਦਾ ਧਿਆਨ ਨਹੀਂ ਰੱਖਿਆ ਹੈ।
ਇਸ ਭੀੜ ਵਿੱਚ ਪੁਲਿਸ ਵਾਲੇ ਵੀ ਉਸ ਹੀ ਭੀੜ ਦਾ ਹਿੱਸਾ ਬਣੇ ਵਿਖਾਈ ਦਿੱਤੇ ਹਨ ਜਦੋਂ ਉਨ੍ਹਾਂ ਤੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹ ਚੁੱਪ ਕਰਕੇ ਆਪਣੇ ਰਾਹ ਪੈ ਗਏ।
ਇਸ ਵਿੱਚ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਨੇ ਤਾਂ ਲੋਕਾਂ ਦੇ ਘਰਾਂ ਤੱਕ ਸਹੂਲਤ ਪਹੁੰਚਦੀ ਕਰ ਦਿੱਤੀ ਹੈ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ, ਕਿਉਂਕਿ ਕੁਝ ਪਤਾ ਨਹੀਂ ਹੈ ਕਿ ਕਿਸ ਵਿਅਕਤੀ ਤੋਂ ਵਾਇਰਸ ਕਿੱਥੇ ਤੱਕ ਅੱਪੜ ਜਾਵੇ।