ਪਟਿਆਲਾ: ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰ ਦੇ ਦਾਅਵਿਆਂ ਦੀ ਪੋਲ ਸ਼ਤਰਾਣਾ ਅਧੀਨ ਪਿੰਡ ਘੱਗਾ ਦਾ ਹੈਲਥ ਸੈਂਟਰ ਖੋਲ੍ਹ ਰਿਹਾ ਹੈ। ਗਿਆਰਾਂ ਹਜ਼ਾਰ ਦੀ ਅਬਾਦੀ ਵਾਲਾ ਘੱਗਾ ਨੂੰ ਸਿਹਤ ਸਹੂਲਤਾਂ ਪੱਖੋਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੈਲਥ ਸੈਂਟਰ 'ਚ ਇੱਕ ਏ.ਐੱਨ.ਐੱਮ ਅਤੇ ਇੱਕ ਆਸ਼ਾ ਵਰਕਰ ਹੀ ਤਾਇਨਾਤ ਹੈ।
ਇਸ ਸਬੰਧੀ ਏ.ਐੱਨ.ਐੱਮ ਮਹਿਲਾ ਇੰਚਾਰਜ਼ ਨੇ ਦੱਸਿਆ ਕਿ ਇਸ ਪਿੰਡ ਵਿੱਚ ਪਿਛਲੇ 8 ਸਾਲਾਂ ਤੋਂ ਕੋਈ ਵੀ ਡਾਕਟਰ ਹਸਪਤਾਲ ਵਿੱਚ ਨਹੀਂ ਤੈਨਾਤ ਹੋਇਆ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਹਾਲਤ ਕਾਫ਼ੀ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਇਥੇ ਉਹ ਇਕੱਲੇ ਹੀ ਹਨ, ਜਿਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਲਿਖ ਚੁੱਕੇ ਹਨ, ਪਰ ਕਿਸੇ ਵੀ ਡਾਕਟਰ ਦੀ ਪੱਕੇ ਤੌਰ 'ਤੇ ਤਾਇਨਾਤੀ ਨਹੀਂ ਕੀਤੀ ਗਈ।
ਇਸ ਸਬੰਧੀ ਕੋਰੋਨਾ ਵੈਕਸੀਨੇਸ਼ਨ ਲਗਾਉਣ ਆਏ ਡਾਕਟਰ ਦਿਨੇਸ਼ ਦਾ ਕਹਿਣਾ ਕਿ ਉਹ ਆਰਜ਼ੀ ਤੌਰ 'ਤੇ ਇਥੇ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਉਹ ਕੋਰੋਨਾ ਸੈਂਪਲਿੰਗ ਲਈ ਪਹੁੰਚੇ, ਜਿਸ ਦੀ ਡਿਊਟੀ ਵਿਭਾਗ ਵਲੋਂ ਲਗਾਈ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਬੇਸ਼ਕ ਉਹ ਸੈਂਪਲਿੰਗ ਲਈ ਆਏ ਹਨ, ਪਰ ਪੀ.ਪੀ.ਈ ਕਿੱਟ ਉਨ੍ਹਾਂ ਨੂੰ ਨਹੀਂ ਮੁਹੱਈਆ ਕਰਵਾਈ ਗਈ।
ਉਥੇ ਹੀ ਪਿੰਡ ਘੱਗਾ ਦੇ ਹੈਲਥ ਸੈਂਟਰ 'ਚ ਪਹੁੰਚੇ ਡਾਕਟਰ ਜਤਿੰਦਰ ਸਿੰਘ ਮੱਟੂ ਦਾ ਕਹਿਣਾ ਕਿ ਹੈਲਥ ਸੈਂਟਰ ਦੀ ਹਾਲਤ ਬਹੁਤ ਤਰਸਯੋਗ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਕੋਈ ਵੀ ਡਾਕਟਰ ਪੱਕੇ ਤੌਰ 'ਤੇ ਇਥੇ ਤਾਇਨਾਤ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਹਸਪਤਾਲ 'ਚ ਸਾਰੀਆਂ ਸਹੂਲਤਾਂ ਮੁਹੱਈਆ ਹਨ, ਪਰ ਉਨ੍ਹਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਥੇ ਗਿਆਰਾਂ ਹਜ਼ਾਰ ਦੇ ਕਰੀਬ ਅਬਾਦੀ ਹੈ ਅਤੇ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਪਿੰਡ ਘੱਗਾ ਦੇ ਹੈਲਥ ਸੈਂਟਰ 'ਚ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।