ਪਟਿਆਲਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬਾਇਓਮੈਟ੍ਰਿਕ ਮਸ਼ੀਨਾਂ ਤੇ ਰੋਕ ਲਾ ਦਿੱਤੀ ਹੈ ਪਰ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਛਿੱਕੇ ਟੰਗ ਕੇ ਹਾਲੇ ਵੀ ਬਾਇਓਮੈਟ੍ਰਿਕ ਮਸ਼ੀਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।
ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਸਾਰੇ ਹਸਪਤਾਲਾਂ ਸਕੂਲਾਂ ਕਾਲਜਾਂ ਵਿੱਚ ਅਹਤਿਆਤ ਵਰਤਣ ਲਈ ਕਿਹਾ ਜਾ ਰਿਹਾ ਹੈ ਤੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋ ਬਚਣ ਦੀ ਹਦਾਇਤ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਾਰੀਆਂ ਹਦਾਇਤਾਂ ਦੇ ਵਿੱਚ ਖਾਸ ਤੌਰ ਤੇ ਬਾਇਓਮੈਟ੍ਰਿਕ ਤਰੀਕੇ ਨਾਲ ਲੱਗਣ ਵਾਲੀਆਂ ਹਾਜ਼ਰੀਆਂ 'ਤੇ ਵੀ ਰੋਕ ਲਗਾਈ ਗਈ ਹੈ ਪਰ ਡਿੱਪੂਆਂ ਤੇ ਰਾਸ਼ਨ ਵੰਡਣ ਵੇਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਡਿੱਪੂਆਂ ਉੱਤੇ ਬਾਇਓਮ੍ਰੈਟਿਕ ਤਰੀਕੇ ਨਾਲ ਹਾਜ਼ਰੀ ਲਾ ਕੇ ਕਣਕ ਦਿੱਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਮਸ਼ੀਨਾਂ ਦੀ ਵਰਤੋਂ ਤੇ ਪਾਬੰਧੀ ਲਾ ਦਿੱਤੀ ਹੈ ਪਰ ਇੱਥੇ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਜਦੋਂ ਈਟੀਵੀ ਭਾਰਤ ਨੇ ਡਿੱਪੂ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਇੱਥੇ ਕਿਵੇਂ ਸਰਕਾਰੀ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਬਾਇਓਮ੍ਰੈਟਿਕ ਮਸ਼ੀਨਾਂ ਦੀ ਵਰਤੋਂ ਕਰ ਕੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਤਹਿਆਤ ਦੇ ਤੌਰ ਤੇ ਨਾ ਤਾਂ ਕੋਈ ਸੈਨੀਟਾਇਜ਼ਰ ਹੈ ਅਤੇ ਨਾ ਹੀ ਹੱਥ ਥੋਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ।
ਜਦੋਂ ਇਸ ਮਾਮਲੇ ਬਾਰੇ ਸਬੰਧਤ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਫ਼ੋਨ ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਤਾਂ ਸ਼ਰੇਆਮ ਹੀ ਕਹਿ ਦਿੱਤਾ ਕਿ ਇਹ ਤਾਂ ਇਸੇ ਤਰੀਕੇ ਹੀ ਜਾਰੀ ਰਹੇਗਾ ਪਰ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਇਸ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਪਰ ਤੁਸੀਂ ਤਸਵੀਰਾਂ ਵਿੱਚ ਵੇਖ ਹੀ ਲਿਆ ਹੋਵੇਗਾ ਕਿ ਕਿੰਨੀਆਂ ਕ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਨੇ ਬਾਇਓਮ੍ਰੈਟਿਕ ਮਸ਼ੀਨਾਂ ਨਾਲ ਹਾਜ਼ਰੀ ਤੇ ਰੋਕ ਲਾ ਦਿੱਤੀ ਹੈ ਪਰ ਇਸ ਦੀਆਂ ਧੱਜੀਆਂ ਉੱਡ ਰਹੀਆਂ ਹਨ, ਇਹ ਸੋਚਣ ਵਾਲੀ ਗੱਲ ਹੈ ਕਿ ਲੋਕਾਂ ਦੀ ਸਿਹਤ ਇਸ ਮੁਲਕ ਵਿੱਚ ਕੋਈ ਮਾਇਨੇ ਨਹੀਂ ਰੱਖਦੀ।