ਪਟਿਆਲਾ: ਇਥੋਂ ਦੇ ਰਜਿੰਦਰਾ ਹਸਪਤਾਲ ਵਿੱਚ ਉਸ ਵੇਲੇ ਹੰਗਮਾ ਹੋ ਗਿਆ ਜਿਸ ਵੇਲੇ ਡਾਕਟਰਾਂ ਦੀ ਅਣਗਹਿਲੀ ਨਾਲ ਗਰਭਵਤੀ ਔਰਤ ਦੀ ਮੌਤ ਹੋ ਗਈ।
ਦਰਅਸਲ, ਬੀਤੀ ਰਾਤ ਬਰਨਾਲਾ ਜ਼ਿਲ੍ਹੇ ਤੋਂ ਇਕ ਗਰਭਵਤੀ ਔਰਤ ਪਰਮਿੰਦਰ ਕੌਰ ਨੂੰ ਪਟਿਆਲਾ ਹਸਪਤਾਲ ਵਿੱਚ ਉਸ ਵੇਲੇ ਰੈਫ਼ਰ ਕੀਤਾ ਗਿਆ ਜਦੋਂ ਉਸ ਦੇ ਬੱਚੇ ਦੀ ਡਲਿਵਰੀ ਤੋਂ ਪਹਿਲਾਂ ਪੇਟ 'ਚ ਹੀ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਦੋਂ ਪਰਮਿੰਦਰ ਕੌਰ ਨੂੰ ਰਜਿੰਦਰਾ ਹਸਪਤਾਲ ਲਿਆਇਆ ਗਿਆ ਤਾਂ ਉਸ ਦੀ ਵੀ ਮੌਤ ਹੋ ਗਈ।
ਪਰਿਵਾਰ ਵਾਲਿਆਂ ਨੇ ਔਰਤ ਦੀ ਮੌਤ ਦਾ ਜ਼ਿੰਮੇਵਾਰ ਹਸਪਤਾਲ ਵਾਲਿਆਂ ਨੂੰ ਠਹਿਰਾਇਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਹਸਪਤਾਲ ਵਿੱਚ ਰਾਤ ਵੇਲੇ ਕੋਈ ਡਾਕਟਰ ਮੌਜੂਦ ਨਹੀਂ ਸੀ, ਸਗੋਂ ਨਰਸਾਂ ਹੀ ਡਾਕਟਰ ਨਾਲ ਫ਼ੋਨ ਤੇ ਸਲਾਹ-ਮਸ਼ਵਰਾ ਕਰਕੇ ਮਰੀਜ਼ ਦਾ ਇਲਾਜ਼ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਵਾਲਿਆਂ ਨੂੰ ਵਾਰ-ਵਾਰ ਪੁੱਛਿਆ ਕਿ ਅਸੀਂ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲੈ ਜਾਈਏ ਤਾਂ ਹਸਪਤਾਲ ਵਾਲਿਆਂ ਨੇ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਤੇ ਔਰਤ ਦਾ ਆਪਰੇਸ਼ਨ ਨਹੀਂ ਕੀਤਾ। ਇਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ।
ਓਧਰ ਐੱਮ ਐੱਸ ਰਾਜਨ ਕੇ ਸਿੰਗਲਾ ਦਾ ਕਹਿਣਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਦਾ ਹਾਈ ਸੀ ਤੇ ਆਪਰੇਸ਼ਨ ਤੋਂ ਪਹਿਲਾਂ ਹੀ ਮਰੀਜ਼ ਦਾ ਬਲੱਡ ਉਸ ਦੇ ਫੇਫੜਿਆਂ ਵਿੱਚ ਚਲਾ ਗਿਆ। ਇਸ ਕਰਕੇ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਮੱਦੇਨਜ਼ਰ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਹਸਪਤਾਲ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।