ਪਟਿਆਲਾ: ਅੱਜ ਸਨੌਰ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸੰਗਤ ਵਲੋਂ ਨਵੀ ਚੁਣੀ ਗਈ ਗੁਰਦੁਆਰਾ ਕਮੇਟੀ ਅਤੇ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਦੀ ਬਹਿਸ ਹੋ ਗਈ। ਇਹ ਬਹਿਸ ਇੰਨੀ ਵੱਧ ਗਈ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਤਲਵਾਰਾਂ ਚੱਲ ਗਈਆਂ।
ਇਸ ਖਿਚੋਤਾਣ 'ਚ ਨਵੀ ਕਮੇਟੀ ਦਾ ਖਜਾਨਚੀ ਜ਼ਖਮੀ ਹੋ ਗਿਆ, ਜਿਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਉੱਧਰ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ 'ਚ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਤਲਵਾਰਾਂ ਚਲਾਉਣ ਨੂੰ ਸਨੌਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੰਨਿਆ ਜਾ ਰਿਹਾ ਹੈ ਜਦਵ ਕਿ ਸਾਰਾ ਮਾਮਲਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਅਤੇ ਪੈਸਿਆਂ ਦਾ ਹਿਸਾਬ ਦੇ ਦਿੱਤਾ ਗਿਆ। ਉਸ ਉਪਰੰਤ ਨਵੀਂ ਕਮੇਟੀ ਦੇ 21 ਅਹੁਦੇਦਾਰਾਂ ਵਲੋਂ ਵੀ ਉਨ੍ਹਾਂ ਵਲੋਂ ਕੀਤੇ ਕੰਮਾਂ ਦਾ ਹਿਸਾਬ ਦੇ ਦਿੱਤਾ ਗਿਆ ਅਤੇ ਜੋ ਪੁਰਾਣੀ ਵਲੋਂ ਸੋਨੇ ਦਾ ਛਤਰ ਵੇਚਿਆ ਗਿਆ ਸੀ ਉਸ ਸਬੰਧੀ ਗੱਲਬਾਤ ਹੋਣ ਉੱਤੇ ਮਾਹੌਲ ਤਨਾਣਪੂਰਨ ਹੋ ਗਿਆ ਜੋ ਕਿ ਇਕ ਵੱਡੇ ਝਗੜੇ ਵਿੱਚ ਬਦਲ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਅਤੇ ਉਸਦੇ ਪੁੱਤਰ ਨੇ ਕਿਹਾ ਕਿ ਪੁਰਾਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਪੈਸਿਆਂ ਵਿਚ ਬਹੁਤ ਜ਼ਿਆਦਾ ਘਪਲਾ ਕੀਤਾ ਗਿਆ ਹੈ, ਜਿਸ ਦਾ ਇਨ੍ਹਾਂ ਨੇ ਠੀਕ ਢੰਗ ਨਾਲ ਅੱਜ ਤੱਕ ਹਿਸਾਬ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਪੁਰਾਣੀ ਕਮੇਟੀ ਵਲੋ 1 ਕਰੋੜ 50 ਲੱਖ ਰੁਪਏ ਦਾ ਘਪਲਾ ਕੀਤਾ ਗਿਆ ਹੈ।
ਇਸ ਸਬੰਧ ਵਿਚ ਜਦੋਂ ਪੁਰਾਣੀ ਕਮੇਟੀ ਦੇ ਅਹੁੱਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਕਮੇਟੀ ਦੇ ਕਾਰਜਕਾਲ ਦੌਰਾਨ 30 ਤੋਂ ਵਧ ਕੰਮ ਕਰਵਾ ਚੁੱਕੇ ਹਨ। ਬਾਕੀ ਬਚਦਾ 5 ਲੱਖ 8 ਹਜ਼ਾਰ ਰੁਪਇਆ ਉਹ ਨਵੀਂ ਚੁਣੀ ਕਮੇਟੀ ਨੂੰ ਦੇ ਚੁੱਕੇ ਹਨ। ਜੋ ਸੋਨੇ ਦਾ ਛਤਰ ਸੀ ਉਹ ਕਮੇਟੀ ਵਲੋਂ ਮਤਾ ਪਾ ਕੇ 23 ਹਜ਼ਾਰ ਰੁਪਏ ਦਾ ਵੇਚਿਆ ਗਿਆ ਸੀ।
ਉਸ ਦਾ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਸਾਮਾਨ ਲਿਆਂਦਾ ਗਿਆ ਸੀ, ਜਿਸ ਦਾ ਹਿਸਾਬ ਉਹ ਪਹਿਲਾਂ ਹੀ ਦੇ ਚੁੱਕੇ ਹਨ। ਉਨ੍ਹਾਂ ਵਲੋਂ ਝੂਠੇ ਦੋਸ਼ ਲਗਾਏ ਜਾ ਰਹੇ ਹਨ।