ਨਾਭਾ: ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਗ਼ਰੀਬ ਲੋਕ ਦੋ ਡੰਗ ਦੀ ਰੋਟੀ ਪੇਟ ਭਰ ਕੇ ਖਾ ਸਕਣ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਰੀਬਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਵੇਚਿਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਪਿੰਡ ਹਿਆਣਾ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਇੱਕ ਡਿੱਪੂ ਹੋਲਡਰ ਵੱਲੋਂ 50 ਕਿਲੋ ਕਾਲੇ ਮਾਂਹ ਮੋਟਰਸਾਈਕਲ ਸਵਾਰ ਨੂੰ ਵੇਚ ਦਿੱਤੇ। ਪਰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਮੌਕੇ ਤੇ ਫੜ ਲਿਆ ਅਤੇ ਮੋਟਰਸਾਈਕਲ ਚਾਲਕ ਨੇ ਮੰਨਿਆ ਕਿ ਉਸਨੇ ਦਾਲ ਦਾ ਥੈਲਾ ਡਿਪੂ ਹੋਲਡਰ ਤੋਂ ਸਾਢੇ ਬਾਰਾਂ ਸੌ ਰੁਪਏ ਵਿੱਚ ਖਰੀਦਿਆ ਹੈ। ਜਦੋਂ ਇਸ ਬਾਬਤ ਡਿਪੂ ਹੋਲਡਰ ਨਾਲ ਗੱਲ ਕੀਤੀ ਤਾਂ ਉਹ ਕੈਮਰੇ ਅੱਗੇ ਭੱਜਦਾ ਨਜ਼ਰ ਆਇਆ।
ਇਸ ਸਬੰਧੀ ਫੂਡ ਸਪਲਾਈ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਜੇਕਰ ਡਿਪੂ ਹੋਲਡਰ ਦੋਸ਼ੀ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਤੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।