ਪਟਿਆਲਾ: ਬੀਤੇ ਦਿਨ ਮੋਰਿੰਡਾ ਵਿੱਚ ਬੇਅਦਬੀ ਦੀ ਘਟਨਾ ਹੋਈ ਸੀ ਉਸ ਦੇ ਸਬੰਧ ਵਿੱਚ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿੱਚ ਇੱਕ ਸ਼ਾਂਤ ਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਨੇ ਦੱਸਿਆ ਕਿ ਜਦੋਂ ਤੱਕ ਸਮੂਹ ਸਿੱਖ ਸੰਗਤ ਸੜਕਾਂ ਉੱਤੇ ਨਹੀਂ ਉਤਰੇਗੀ ਉਦੋਂ ਤੱਕ ਸਿੱਖ ਪੰਥ ਨੂੰ ਇਨਸਾਫ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈ। ਪਿਛਲੇ 15 ਸਾਲਾਂ ਤੋਂ ਬੇਅਦਬੀਆਂ ਦਾ ਦੌਰ ਚੱਲਦਾ ਆ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਜ਼ਾ, ਸਜ਼ਾ-ਏ-ਮੌਤ ਨਹੀਂ ਹੁੰਦੀ ਉਦੋਂ ਤੱਕ ਇਹ ਬੇਅਦਬੀਆਂ ਦਾ ਦੌਰ ਚੱਲਦਾ ਹੀ ਰਹਿਣਾ ਹੈ।
ਮੌਕੇ ਉੱਤੇ ਦਿੱਤੀ ਜਾਵੇ ਮੌਤ ਦੀ ਸਜ਼ਾ: ਗੁੱਸੇ ਵਿੱਚ ਆਈ ਸਿੱਖ ਸੰਗਤ ਨੇ ਮੰਗ ਕੀਤੀ ਕਿ ਜਦੋਂ ਵੀ ਕੋਈ ਬੇਅਦਬੀ ਕਰਦਾ ਸ਼ਰਾਰਤੀ ਅਨਸਰ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਮੌਕੇ ਉੱਤੇ ਹੀ ਦਬੋਚ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹੀ ਹਰਕਤ ਕਰਨ ਬਾਰੇ ਸੋਚੇ ਵੀ ਨਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਵੱਲੋਂ ਕਾਨੂੰਨ ਦਾ ਜ਼ਾਬਤਾ ਬਣਾਏ ਰੱਖਣ ਲਈ ਮੁਲਜ਼ਮ ਨੂੰ ਫੜ੍ਹਿਆ ਵੀ ਜਾਂਦਾ ਹੈ ਤਾਂ ਕਾਨੂੰਨ ਵਿੱਚ ਵੀ ਬੇਅਦਬੀ ਦੀਆਂ ਸਖ਼ਤ ਧਾਰਾਵਾਂ ਹੋਣੀਆਂ ਚਾਹੀਦੀਆਂ ਨੇ। ਜਿਸ ਦੇ ਤਹਿਤ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਫੜ੍ਹ ਤਾਂ ਲਿਆ ਜਾਂਦਾ ਹੈ ਪਰ ਬਾਅਦ ਵਿੱਚ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ ਕਿ ਬੇਅਦਬੀ ਕਰਨ ਵਾਲਾ ਦਿਮਾਗੀ ਤੌਰ ਉੱਤੇ ਪਰੇਸ਼ਾਨ ਸੀ। ਉਨ੍ਹਾਂ ਕਿਹਾ ਪੁਲਿਸ ਦਾ ਹਰ ਬਾਰ ਇਹ ਬਹਾਨਾ ਬਣਾਉਣਾ ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦੇ ਰਿਹਾ ਹੈ।
ਮਿਸਾਲੀ ਸਜ਼ਾ: ਦੱਸ ਦਈਏ ਇਸ ਤੋਂ ਪਹਿਲਾਂ ਮੋਰਿੰਡਾ ਵਿੱਚ ਵਾਪਰੀ ਘਟਨਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਕੇ ਘਟਨਾ ਦੀ ਨਿਖੇਧੀ ਕਰ ਚੁੱਕੇ ਹਨ, ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਇਸ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਮੁੱਖ ਮੰਤਰੀ ਨੇ ਇਸ ਨੂੰ ਮੰਦਭਾਗੀ ਅਤੇ ਦੁਖਦਾਈ ਘਟਨਾ ਦੱਸਿਆ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਵਿਅਕਤੀ ਲਈ ਸਰਵਉੱਚ ਹਨ ਅਤੇ ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਖਸਤਾ ਹਾਲਤ 'ਚ ਲਹਿਰਾ ਰਹੇ ਕੌਮੀ ਝੰਡੇ ਨੂੰ ਦੇਖ ਕੇ ਤੁਸੀਂ ਵੀ ਕਹੋਗੇ, ਕਿਹੜੀ ਨੀਂਦ ਸੁੱਤੇ ਪਏ ਨੇ ਇਸਦੇ ਮਾਣ ਦੀਆਂ ਕਸਮਾਂ ਖਾਣ ਵਾਲੇ ?