ਪਟਿਆਲਾ: ਰਾਜਪੁਰਾ ਦੇ ਪਿੰਡ ਗੰਡਾ ਖੇੜੀ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਹਸਨਦੀਪ ਤੇ ਜਸ਼ਨਦੀਪ ਨੂੰ ਲਾਪਤਾ ਹੋਇਆਂ 5 ਦਿਨ ਹੋ ਗਏ ਹਨ ਪਰ ਹਾਲੇ ਤੱਕ ਪ੍ਰਸ਼ਾਸਨ ਦੇ ਹੱਥ ਖ਼ਾਲੀ ਹਨ। ਜਾਣਕਾਰੀ ਮੁਤਾਬਕ ਪਿੰਡ ਗੰਡਾ ਖੇੜੀ ਤੋਂ ਲਾਪਤਾ ਹੋਏ 2 ਬੱਚਿਆਂ ਨੂੰ ਲੱਭਣ ਲਈ ਪਟਿਆਲਾ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ ਜਿਸ ਵਿੱਚ ਐੱਨਡੀਆਰਐੱਫ ਨੂੰ ਵੀ ਸ਼ਾਮਿਲ ਕੀਤਾ ਗਿਆ, ਪਰ 5 ਦਿਨ ਬੀਤਣ ਮਗਰੋਂ ਵੀ ਪੁਲਿਸ ਦੇ ਹੱਥ ਖ਼ਾਲੀ ਹੀ ਜਾਪਦੇ ਹਨ।
ਇਹ ਵੀ ਪੜ੍ਹੋ: ਪ੍ਰਸ਼ਾਸਨ ਦੀ ਲਾਪਰਵਾਹੀ, 2 ਦਿਨ ਬਾਅਦ ਵੀ ਨਹੀਂ ਮਿਲੇ ਬੱਚੇ
ਪ੍ਰਸ਼ਾਸਨ ਨੇ ਬੱਚਿਆਂ ਨੂੰ ਲੱਭਣ ਲਈ ਜਿਹੜਾ ਟੋਭਾ ਖ਼ਾਲੀ ਕਰਵਾਇਆ ਸੀ, ਉਸ 'ਚੋਂ ਪ੍ਰਸ਼ਾਸਨ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਓਧਰ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਖ਼ੁਦ ਇਸ ਮਾਮਲੇ 'ਤੇ ਬਿਆਨ ਦੇ ਕੇ ਜਾਂਚ ਵਿੱਚ ਕੋਈ ਕਸਰ ਨਾ ਛੱਡਣ ਦੀ ਗੱਲ ਕਰਦੇ ਹਨ, ਉਨ੍ਹਾਂ ਇਸ ਲਈ ਏਡੀਜੀਪੀ ਲਾਅ ਐਂਡ ਆਰਡਰ ਨੂੰ ਤਫਤੀਸ਼ ਲਈ ਭੇਜਿਆ।
ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਪਿੰਡ ਗੰਡਾ ਖੇੜੀ ਤੋਂ ਬੀਤੀ 22 ਜੁਲਾਈ ਨੂੰ 2 ਬੱਚੇ ਹਸਨਦੀਪ ਤੇ ਜਸ਼ਨਦੀਪ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ, ਉਸ ਵੇਲੇ ਪੁਲਿਸ ਨੇ ਲਿਖ਼ਤੀ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਪਰ ਹੁਣ ਤੱਕ ਵੀ ਦੋਹਾਂ ਬੱਚਿਆਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਲੱਭਿਆ ਜਾ ਰਿਹਾ ਹੈ, ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ।