ਪਟਿਆਲਾ : ਰਾਜਪੁਰਾ ਦੇ ਪਿੰਡ ਖੇੜੀ ਗੰਢਿਆ ਤੋਂ ਲਾਪਤਾ ਹੋਏ 2 ਮਾਸੂਮ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਮੰਗਲਵਾਰ ਨੂੰ ਸਾਬਕਾ ਖਜ਼ਾਨਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ।
ਜਾਣਕਾਰੀ ਲਈ ਦੱਸ ਦੇਈਏ ਕਿ ਮੰਗਲਵਾਰ ਨੂੰ 8 ਦਿਨ ਬੀਤਣ ਤੋਂ ਬਾਅਦ ਵੀ 2 ਮਾਸੂਮ ਬੱਚਿਆਂ ਨੂੰ ਲੱਭਣ ਵਿੱਚ ਪੁਲਿਸ ਨਾ-ਕਾਮਯਾਬ ਸਾਬਿਤ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਤੇਜ਼ ਹੋ ਚੁੱਕੀ ਹੈ। ਇਸ ਮਾਮਲੇ ਸਬੰਧੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦਾ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਦਾ ਸਿਲਸਿਲਾ ਜਾਰੀ ਹੈ।
ਮੰਗਲਵਾਰ ਨੂੰ ਸਾਬਕਾ ਖਜ਼ਾਨਾ ਮੰਤਰੀ ਬਿਕਰਮ ਮਜੀਠੀਆ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਪੁਲਿਸ 'ਤੇ ਜਮ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਥਾਣਿਆਂ ਦਾ ਭੱਠਾ ਬੈਠ ਚੁੱਕਾ ਹੈ ਤੇ ਥਾਣਿਆਂ ਵਿੱਚ ਤੈਨਾਤੀ ਸਿਰਫ਼ ਐੱਮ ਐੱਲ ਏ ਦੇ ਕਹਿਣ 'ਤੇ ਕੀਤੀ ਜਾ ਰਹੀ ਹੈ, ਐੱਸ ਐੱਸ ਪੀ ਸਾਹਿਬ ਤਾਂ ਦਫਤਰ ਵਿੱਚ ਬੈਠ ਕੇ ਇਕੱਲੀ ਘੁੱਗੀ ਹੀ ਮਾਰ ਰਹੇ ਹਨ।
ਉਨ੍ਹਾਂ ਕਿਹਾ ਜਦੋਂ ਪਰਿਵਾਰ ਨੇ ਰਾਤ ਨੂੰ ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ ਤਾਂ ਉਸ ਵੇਲੇ ਹੀ ਪੜਤਾਲ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਨੇ ਪੁਲਿਸ 'ਤੇ ਇਹ ਇਲਜ਼ਾਮ ਵੀ ਲਾਇਆ ਕਿ ਪੁਲਿਸ ਨੇ ਪੜਤਾਲ ਤਾਂ ਕੀ ਕਰਨੀ ਸੀ ਸਗੋਂ ਅਗਲੇ ਦਿਨ ਸਵੇਰੇ ਉਨ੍ਹਾਂ ਨੇ ਪੀੜਤਾਂ ਦੇ ਘਰ ਦੀ ਹੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਜੇ ਤੱਕ ਉਹ ਪੁਲਿਸ ਅਧਿਕਾਰੀ ਮੁਅੱਤਲ ਕਿਉਂ ਨਹੀਂ ਕੀਤਾ ਗਿਆ ਜਿਸਨੇ ਤੁਰੰਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਕਾਂਗਰਸ ਦੇ ਐੱਮ ਐੱਲ ਏ 'ਤੇ ਤੰਜ ਕਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁਅੱਤਲ ਕਰਦੇ ਵੀ ਕਿਵੇਂ ਐੱਮ ਐੱਲ ਏ ਨੇ ਖੁੱਦ ਤਾਂ ਉਹ ਭਰਤੀ ਹੋਏ ਹਨ। ਉਨ੍ਹਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣ ਦੀ ਵੀ ਗੱਲ ਕਹੀ।
ਓਧਰ ਦੂਜੇ ਪਾਸੇ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਬਿਕਰਮ ਮਜੀਠੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚਲੋ ਕੋਈ ਤਾਂ ਸਾਡੇ ਨਾਲ ਹੈ। ਪੁਲਿਸ ਤਾਂ ਸਾਨੂੰ ਕੁੱਝ ਵੀ ਨਹੀਂ ਦੱਸ ਰਹੀ ਬਸ ਹੁਣ ਤਾਂ ਰੱਬ ਅੱਗੇ ਦੁਆ ਹੈ ਕਿ ਬੱਚੇ ਸਹੀ ਸਲਾਮਤ ਹੋਣ।