ਨਾਭਾ: ਕਹਿੰਦੇ ਨੇ ਜੇ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਮਜ਼ਬੂਤ ਹੌਸਲੇ ਤੇ ਸੁਪਨੇ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਲੈ ਜਾਂਦੇ ਨੇ। ਅਜਿਹਾ ਹੀ ਕੁਝ ਕਰ ਦਿਖਾਇਆ ਨਾਭਾ ਦੇ ਰਹਿਣ ਵਾਲੇ ਭਮਿੱਤ ਗੋਇਲ ਨੇ, ਭਮਿੱਤ ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਐਨਈਈਟੀ) ਵਿੱਚ ਆਲ ਇੰਡੀਆ ਵਿੱਚ 32ਵਾਂ ਰੈਂਕ ਹਾਸਲ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਭਮਿੱਤ ਗੋਇਲ ਨੇ ਨੀਟ 'ਚ 720 'ਚੋਂ 705 ਅੰਕ ਪ੍ਰਾਪਤ ਕਰਕੇ ਪੰਜਾਬ ਦਾ ਨਹੀਂ ਪੂਰੇ ਨਾਭਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਕਈ ਪ੍ਰੀਖਿਆ ਵਿੱਚੋਂ ਭਮਿੱਤ ਗੋਇਲ ਨੇ ਰਿਕਾਰਡ ਕਾਇਮ ਕੀਤੇ ਹਨ। ਇਹ ਮੁਕਾਮ ਪਾਉਣ ਤੋਂ ਬਾਅਦ ਭਮਿੱਤ ਗੋਇਲ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਭਮਿੱਤ ਗੋਇਲ ਦੇ ਮਾਤਾ-ਪਿਤਾ ਵੀ ਡਾਕਟਰ ਹਨ ਇਹ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ।
ਭਮਿੱਤ ਨੇ ਕਿਹਾ ਕਿ ਉਹ 10 ਤੋਂ ਲੈ ਕੇ 12 ਘੰਟੇ ਲਗਾਤਾਰ ਪੜ੍ਹਾਈ ਕਰਦਾ ਸੀ ਤਾਂ ਹੀ ਉਸ ਨੂੰ ਹੁਣ ਇਹ ਮੁਕਾਮ ਹਾਸਲ ਹੋਇਆ ਹੈ। ਭਮਿੱਤ ਗੋਇਲ ਦੇ ਮਾਤਾ-ਪਿਤਾ ਵੀ ਪੇਸ਼ੇ ਤੋਂ ਡਾਕਟਰ ਹਨ ਤੇ ਲਗਾਤਾਰ ਸੇਵਾ ਕਰ ਰਹੇ ਹਨ। ਭਮਿੱਤ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਸ ਦੇ ਰਿਸ਼ਤੇਦਾਰ ਤੇ ਦੋਸਤ ਵਧਾਈ ਦੇ ਰਹੇ ਹਨ। ਨੀਟ ਦੀ ਪ੍ਰੀਖਿਆ ਵਿੱਚੋਂ ਪੰਜਾਬ 'ਚ ਦੂਜਾ ਸਥਾਨ ਪ੍ਰਾਪਤ ਕਰਨ ਉਪਰੰਤ ਉਸ ਨੇ ਕਿਹਾ ਕਿ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਪੰਜਾਬ ਵਿੱਚ ਮੇਰਾ ਦੂਜਾ ਰੈਂਕ ਆਇਆ ਹੈ ਅਤੇ ਪੂਰੇ ਭਾਰਤ ਵਿੱਚ ਮੇਰਾ 32ਵਾਂ ਰੈਂਕ ਹੈ।
ਇਹ ਮੇਰਾ ਸੁਪਨਾ ਸੀ ਤੇ ਮੈਂ ਉਸ ਨੂੰ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਭਮਿੱਤ ਗੋਇਲ ਦੇ ਪਿਤਾ ਡਾ. ਮਨੋਜ ਗੋਇਲ ਨੇ ਕਿਹਾ ਕਿ ਅਸੀਂ ਅੱਜ ਬਹੁਤ ਖੁਸ਼ ਹਾਂ ਜੋ ਸਾਡੀ ਜ਼ਿੰਦਗੀ ਦਾ ਸੁਪਨਾ ਸੀ ਉਹ ਅੱਜ ਪੂਰਾ ਹੋਇਆ ਹੈ ਅਤੇ ਸਾਡੇ ਬੇਟੇ ਨੇ ਕਰ ਵਿਖਾਇਆ ਹੈ।