ਨਵੀਂ ਦਿੱਲੀ: ਪਟਿਆਲਾ ਵਿੱਚ ਹੋਏ ਈਟੀਟੀ ਅਧਿਆਪਕਾਂ 'ਤੇ ਲਾਠੀਚਾਰਜ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੁਲਿਸ ਵੱਲੋਂ ਮਹਿਲਾ ਅਧਿਆਪਕਾਂ ਨੂੰ ਕੁੱਟਿਆ ਜਾਣਾ ਬਹੁਤ ਹੀ ਨਿੰਦਣਯੋਗ ਹੈ।
ਕੈਪਟਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਾਹਬ ਦਿੱਲੀ ਵਿੱਚ ਤਾਂ ਕਹਿੰਦੇ ਸੀ ਕਿ ਉਹ ਪੰਜਾਬ ਵਿੱਚ 11 ਲੱਖ ਨੌਕਰੀਆਂ ਦੇ ਚੁੱਕੇ ਹਨ, ਫੇਰ ਇਹ ਈਟੀਟੀ ਅਤੇ ਟੈੱਟ ਪਾਸ ਅਧਿਆਪਕਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲੀਆਂ। ਪੰਜਾਬ ਦੇ ਬਜਟ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਇਸ ਬਜਟ ਵਿੱਚ ਬਜਟ ਦੇ ਅੰਕੜਿਆਂ ਨਾਲੋਂ ਉਰਦੂ ਦੇ ਸ਼ੇਅਰ ਜ਼ਿਆਦਾ ਹਨ।
ਇਹ ਵੀ ਪੜ੍ਹੋ: ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ
ਦੱਸ ਦਈਏ ਕਿ ਪਟਿਆਲਾ ਵਿੱਚ ਈਟੀਟੀ ਅਤੇ ਟੈੱਟ ਪਾਸ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਪੁਲਿਸ ਨੇ ਅਧਿਆਪਕਾਂ 'ਤੇ ਲਾਠੀਚਾਰਜ ਕਰ ਦਿੱਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਅਤੇ ਭਾਖੜਾ ਨਹਿਰ ਦੇ ਪੁਲ 'ਤੇ ਆਪਣਾ ਧਰਨਾ ਲਗਾ ਲਿਆ। ਭਾਖੜਾ ਦੇ ਪੁਲ 'ਤੇ ਪ੍ਰਦਰਸ਼ਨ ਕਰਦੇ ਹੋਏ ਇੱਕ ਅਧਿਆਪਕ ਨੇ ਰੋਸ ਵਜੋਂ ਨਹਿਰ ਵਿੱਚ ਛਾਲ ਮਾਰ ਦਿੱਤੀ। ਛਾਲ ਮਾਰਨ ਵਾਲੇ ਅਧਿਆਪਕ ਨੂੰ ਰੱਸੇ ਦੀ ਮਦਦ ਨਾਲ ਬਚਾਇਆ ਗਿਆ।