ਪਟਿਆਲਾ: ਖੇਤੀ ਬਿੱਲਾਂ ਦੇ ਖ਼ਿਲਾਫ਼ ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਧਰਨੇ 'ਤੇ ਟਰੈਕਟਰ ਟਰਾਲੀ, ਕਾਰਾਂ, ਮੋਟਰਸਾਈਕਲ ਅਤੇ ਸਾਈਕਲਾਂ ਰਾਹੀਂ ਕੂਚ ਕਰ ਰਹੀਆਂ ਹਨ। ਇਸੇ ਤਹਿਤ ਸੰਗਰੂਰ ਦੇ ਪਿੰਡ ਸ਼ੇਰਪੁਰ ਚੀਮਾ ਦਾ ਰਹਿਣ ਵਾਲਾ ਜਗਦੀਪ ਸਿੰਘ ਭੱਜ ਕੇ 323 ਕਿਲੋਮੀਟਰ ਦਾ ਰਸਤਾ ਤਹਿ ਕਰਕੇ ਦਿੱਲੀ ਪਹੁੰਚੇਗਾ।
ਜਗਦੀਪ ਐਤਵਰ ਨੂੰ ਦਿੱਲੀ ਵੱਲ ਜਾਂਦੇ ਸਮੇਂ ਨਾਭਾ ਵਿੱਚੋਂ ਨਿਕਲਿਆ ਤਾਂ ਉਸ ਨੇ ਕਿਹਾ ਕਿ ਉਹ ਦਿੱਲੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਜਗਦੀਪ ਨੇ ਦੱਸਿਆ ਕਿ ਉਹ ਕੱਲ੍ਹ ਤੱਕ ਦਿੱਲੀ ਪਹੁੰਚੇਗਾ ਅਤੇ ਉੱਥੇ ਜਾ ਕੇ ਧਰਨੇ ਵਿੱਚ ਭੁੱਖ ਹੜਤਾਲ 'ਤੇ ਬੈਠੇਗਾ। ਜਗਦੀਪ ਪਹਿਲਾਂ ਵੀ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਚਾਰ ਤਖਤਾਂ ਦੀ ਭੱਜ ਕੇ ਯਾਤਰਾ ਕਰ ਚੁੱਕਿਆ ਹੈ। ਜਗਦੀਪ ਨੇ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਮੋਰਚਾ ਫਤਿਹ ਕੀਤਾ ਜਾਵੇਗਾ ਤਾਂ ਉਹ ਪੰਜਵੇਂ ਤਖ਼ਤ ਸ੍ਰੀ ਹਜੂਰ ਸਾਹਿਬ ਮੱਥਾ ਟੇਕਣ ਜਾਵੇਗਾ।
ਜਗਦੀਪ ਨੇ ਕਿਹਾ ਕਿ ਉਸ ਨੂੰ ਦਿੱਲੀ ਦੂਰ ਨਹੀਂ ਕਿਉਂਕਿ ਉਸਦੇ ਹੌਸਲੇ ਬੁਲੰਦ ਹਨ ਅਤੇ ਉਹ ਦਿਨ ਰਾਤ ਭੱਜ ਕੇ ਇਹ ਰਸਤਾ ਤੈਅ ਕਰ ਦੇਵੇਗਾ। ਉਸ ਨੇ ਅੱਗੇ ਕਿਹਾ ਕਿ ਮੇਰੇ ਮਾਤਾ ਪਿਤਾ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਹੈ ਕਿ ਤੂੰ ਵੀ ਧਰਨੇ ਵਿੱਚ ਸ਼ਾਮਿਲ ਹੋ ਜਿਸ ਲਈ ਮੈਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਜਗਦੀਪ ਨੇ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਵੀ ਧਰਨੇ ਵਿੱਚ ਸ਼ਾਮਲ ਹੋਣ ਕਿਉਂਕਿ ਘਰ ਬੈਠ ਕੇ ਕੁੱਝ ਨਹੀਂ ਹੋਣਾ।