ਪਠਾਨਕੋਟ: ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਜੇਕਰ ਇਸਦੀ ਜ਼ਮੀਨੀ ਹਕੀਕਤ ਦੇਖੀਏ ਤਾਂ ਉਹ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਕੋਰੋਨਾ ਮਹਾਂਮਾਰੀ ਹੁਣ ਪਿੰਡਾਂ ’ਚ ਆਪਣੇ ਪੈਰ ਪਸਾਰ ਰਿਹਾ ਹੈ। ਜਿੱਥੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਦਾਅਵਿਆ ਦੀ ਪੋਲ ਖੁੱਲ੍ਹ ਗਈ ਹੈ। ਦੱਸ ਦਈਏ ਕਿ ਪਠਾਨਕੋਟ ਦੇ ਸਰਹੱਦੀ ਖੇਤਰ ਕਸਬਾ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਵਿਚ ਜਿੱਥੇ ਕਿ 50 ਤੋਂ ਜ਼ਿਆਦਾ ਪਿੰਡ ਇੱਕ ਕਮਿਊਨਿਟੀ ਹੈਲਥ ਸੈਂਟਰ ਅਤੇ ਪੰਜ ਡਿਸਪੈਂਸਰੀਆਂ ’ਤੇ ਹੀ ਨਿਰਭਰ ਹਨ।
ਲੋਕਾਂ ਲਈ 13 ਸਾਲ ਬਾਅਦ ਖੋਲ੍ਹੀ ਗਈ ਡਿਸਪੈਂਸਰੀ
ਪਿੰਡ ਮਾਖਨਪੁਰ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਵੱਲੋਂ 13 ਸਾਲ ਬਾਅਦ ਡਿਸਪੈਂਸਰੀ ਲੋਕਾਂ ਦੇ ਲਈ ਖੋਲ੍ਹੀ ਗਈ ਹੈ। ਜਿਸ ਦੀ ਖਸਤਾ ਹਾਲਤ ਹੈ। ਸਿਹਤ ਕਰਮਚਾਰੀਆਂ ਨੂੰ ਇੱਥੇ ਤੈਨਾਤ ਕੀਤਾ ਗਿਆ ਹੈ ਤਾਂ ਕਿ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾਣ ਅਤੇ ਕੁਝ ਡਿਸਪੈਂਸਰੀਆਂ ਨੂੰ ਅਜੇ ਵੀ ਤਾਲੇ ਲੱਗੇ ਹੋਏ ਹਨ। ਹਾਲਤਾ ਇੰਨ੍ਹੇ ਜਿਆਦਾ ਖਰਾਬ ਹਨ ਜੇਕਰ ਕੋਈ ਮਰੀਜ਼ ਦੀ ਗੰਭੀਰ ਹਾਲਤ ਹੋ ਜਾਂਦੀ ਹੈ ਤਾ ਉਸਨੂੰ 35 ਤੋਂ 40 ਕਿਲੋਮੀਟਰ ਦੂਰ ਸਿਵਲ ਹਸਪਤਾਲ ਪਠਾਨਕੋਟ ਲੈ ਜਾਇਆ ਜਾਂਦਾ ਹੈ। ਮਰੀਜ਼ ਨੂੰ ਹਸਪਤਾਲ ਲੈ ਜਾਉਣ ਲਈ ਇਲਾਕੇ ਚ ਸਿਰਫ ਇੱਕ ਹੀ ਐਂਬੂਲੇਂਸ ਹੀ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਹੱਦੀ ਖੇਤਰਾਂ ਦੇ ਪਿੰਡਾਂ ਵੱਲ ਧਿਆਨ ਦੇਣ ਦੀ ਲੋੜ- ਪਿੰਡ ਵਾਸੀ
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਚ ਸਿਰਫ ਇੱਕ ਹੀ ਕਮਿਊਨਿਟੀ ਹੈਲਥ ਸੈਂਟਰ ਹੈ ਅਤੇ ਉਸਦੇ ਵਿੱਚ ਸਿਰਫ਼ ਇੱਕ ਐਂਬੂਲੈਂਸ ਹੈ ਜਿਸ ਦੇ ਸਹਾਰੇ ਇਸ ਪੂਰੇ ਇਲਾਕੇ ਦੇ ਲੋਕ ਹਨ। ਇੱਥੇ ਕੋਵੀਡ ਟੈਸਟ ਵੀ ਬਹੁਤ ਘੱਟ ਕੀਤੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਰਹੱਦੀ ਖੇਤਰ ਦੇ ਪਿੰਡਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੁਵਿਧਾਵਾਂ ਮਿਲ ਸਕਣ।
ਡਿਸਪੈਂਸਰੀ ਦੀ ਕੀਤੀ ਜਾ ਰਹੀ ਹੈ ਮੁਰੰਮਤ- ਸਿਹਤ ਕਰਮੀ
ਇਸ ਸਬੰਧ ’ਚ 13 ਸਾਲ ਬਾਅਦ ਖੁੱਲ੍ਹੀ ਮਾਖਨਪੁਰ ਪਿੰਡ ਦੀ ਡਿਸਪੈਂਸਰੀ ’ਚ ਤੈਨਾਤ ਸਿਹਤ ਕਰਮੀ ਨੇ ਦੱਸਿਆ ਕਿ ਇਹ ਡਿਸਪੈਂਸਰੀ ਪਿਛਲੇ 13 ਸਾਲਾਂ ਤੋਂ ਬੰਦ ਸੀ ਜਿਸ ਨੂੰ ਹੁਣ ਸਿਹਤ ਵਿਭਾਗ ਵੱਲੋਂ ਖੋਲ੍ਹਿਆ ਗਿਆ ਹੈ ਅਤੇ ਇਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਇੱਥੇ ਸਿਹਤ ਸੁਵਿਧਾਵਾਂ ਮਿਲ ਸਕਣ।
ਬੰਦ ਡਿਸਪੈਂਸਰੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ- ਸਿਵਲ ਸਰਜਨ
ਦੂਜੇ ਪਾਸੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਅਤੇ ਜਿਹੜੀਆਂ ਡਿਸਪੈਂਸਰੀਆਂ ਬੰਦ ਹਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਖੋਲ੍ਹ ਕੇ ਉੱਥੇ ਸਿਹਤ ਕਰਮੀ ਬਿਠਾਏ ਜਾਣ ਅਤੇ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾਣ।
ਇਹ ਵੀ ਪੜੋ: LIVE: ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,76,070 ਮਾਮਲੇ, 3,874 ਮੌਤਾਂ