ਪਠਾਨਕੋਟ: ਜ਼ਿਲ੍ਹੇ ਦੇ ਮਲਿਕਪੁਰ ਚੌਕ ਨੂੰ ਜੇ ਕਰ ਮੌਤ ਦਾ ਚੌਕ ਕਿਹਾ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ। ਲਾਈਟਾਂ, ਸਪੀਡ ਬ੍ਰੇਕਰਾਂ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਤੋਂ ਸੱਖਣਾ ਇਹ ਚੌਕ ਅਕਸਰ ਹੀ ਸੜਕ ਹਾਦਸਿਆਂ ਨੂੰ ਸੱਦਾ ਦਿੰਦਾ ਰਿਹਾ ਹੈ ਤੇ ਹੁਣ ਵੀ ਦੇ ਰਿਹਾ ਹੈ। ਕੁੱਝ ਦਿਨਾਂ ਪਹਿਲਾਂ ਹੀ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੀ ਇਸੇ ਥਾਂ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ।
ਗੱਲਬਾਤ ਦੌਰਾਨ ਰਾਹਗੀਰਾਂ ਨੇ ਦੱਸਿਆ ਕਿ ਇਸ ਚੌਕ 'ਤੇ ਸੜਕ ਹਾਦਸੇ ਹੋਣਾ ਆਮ ਗੱਲ ਹੈ ਕਿਉਂਕਿ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਹਨੇਰੇ 'ਚ ਤੇਜ਼ ਰਫ਼ਤਾਰ 'ਚ ਆਉਂਦੇ ਵਾਹਨ ਜਲਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਰਾਹਗੀਰ ਮੰਗ ਕਰ ਰਹੇ ਹਨ ਕਿ ਚੌਕ 'ਤੇ ਸਿਗਨਲ ਅਤੇ ਲਾਈਟਾਂ ਦਾ ਪ੍ਰਬੰਧ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ ਤਾਂ ਜੋਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ।
ਲੋਕਾਂ ਦੀ ਇਸ ਮੰਗ ਨੂੰ ਸੁਣਦਿਆਂ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਅਤੇ ਹਲਕਾ ਭੋਆ ਤੋਂ ਵਿਧਾਇਕ ਪੱਭਾਂ ਭਾਰ ਹੋ ਗਏ ਹਨ। ਗੱਲਬਾਤ ਕਰਦਿਆਂ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਲਦ ਹੀ ਚੌਂਕ 'ਤੇ ਲਾਈਟਾਂ ਅਤੇ ਸਪੀਡ ਬ੍ਰੇਕਰਾਂ ਦਾ ਪ੍ਰਬੰਧ ਕੀਤਾ ਜਾਵੇਗਾ। ਐਸਪੀ ਹੇਮ ਪੁਸ਼ਪ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਲਿਸ ਫੋਰਸ ਵੱਲੋਂ ਪੁਖ਼ਤਾ ਇੰਤਜ਼ਾਮ ਕਰਦਿਆਂ ਜਿੱਥੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ, ਉੱਥੇ ਹੀ ਤੇਜ਼ ਚਲਾਨ ਵਾਹਨਾਂ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੁਝ ਚੌਕਾਂ ਨੂੰ ਡਾਰਕ ਪੁਆਇੰਟ ਐਲਾਨ ਦਿੱਤਾ ਗਿਆ ਹੈ ਜਿਸ ਉੱਤੇ ਪੁਲਿਸ ਦੀ ਖ਼ਾਸ ਨਜ਼ਰ ਰਹੇਗੀ।
ਇਹ ਵੀ ਪੜ੍ਹੋ- ਬਿਜਲੀ ਕੰਪਨੀਆਂ ਨੇ ਕੈਪਟਨ ਨੂੰ ਦਿੱਤੀ ਧਮਕੀ, ਵ੍ਹਾਈਟ ਪੇਪਰ ਆਇਆ ਤਾਂ ਖੋਲ੍ਹਾਂਗੇ ਭੇਦ: ਅਰੋੜਾ
ਜ਼ਿਕਰ-ਏ-ਖ਼ਾਸ ਹੈ ਕਿ ਸੂਬੇ ਭਰ 'ਚ ਸੜਕ ਹਾਦਸਿਆਂ 'ਚ ਹਰ ਸਾਲ ਕਈ ਮੌਤਾਂ ਹੁੰਦੀਆਂ ਹਨ। ਭਾਵੇਂ ਮਲਿਕਪੁਰ ਚੌਂਕ ਨੂੰ ਲਾਈਟਾਂ ਅਤੇ ਸਪੀਡ ਬ੍ਰੇਕਰਾਂ ਨਾਲ ਲੈਸ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਪਰ ਹੁਣ ਵੇਖਣਾ ਇਹ ਹੋਵੇਗਾ ਕੀ ਇਸ ਹੁਕਮ ਨੂੰ ਅਮਲ 'ਚ ਕਦੋਂ ਤਕ ਲਿਆਇਆ ਜਾਵੇਗਾ।