ਪਠਾਨਕੋਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਜਲੰਧਰ ਦਿਹਾਤੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪਠਾਨਕੋਟ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੇ ਵਹਾਅ ਨੂੰ ਰੋਕਣ ਲਈ ਲਈ ਜਿੰਨਾ ਵੀ ਪੱਥਰ ਚਾਹੀਦਾ ਹੈ, ਉਹ ਪੱਥਰ ਪਠਾਨਕੋਟ ਪ੍ਰਸ਼ਾਸਨ ਮੁਹੱਈਆ ਕਰਵਾਏਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਠਾਨਕੋਟ ਪ੍ਰਸ਼ਾਸਨ ਕੰਮ ਵਿੱਚ ਜੁੱਟ ਗਿਆ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਟਰੱਕ ਅਤੇ ਪੱਥਰਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਵੀਰਵਾਰ ਰਾਤ ਤੋਂ ਹੀ ਪ੍ਰਸ਼ਾਸਨ ਇਸ ਕੰਮ ਵਿੱਚ ਜੁੱਟ ਗਿਆ ਹੈ ਅਤੇ ਪਠਾਨਕੋਟ ਦੇ ਮਾਧੋਪੁਰ ਭੇਡੀਆਂ ਦੇ ਬਾਕੀ ਇਲਾਕਿਆਂ ਚੋਂ ਪੱਥਰ ਟਰੱਕਾਂ ਵਿੱਚ ਭਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਜੋ ਤੁਸੀਂ ਬੰਨ ਲੋਹੀਆਂ ਵਿੱਚ ਟੁੱਟਿਆ ਹੈ, ਉਸ ਨੂੰ ਭਰਨ ਲਈ ਤਿੰਨ ਸੌ ਤੋਂ ਵੱਧ ਪੱਥਰਾਂ ਨਾਲ ਭਰੇ ਹੋਏ ਟਰੱਕਾਂ ਦੀ ਲੋੜ ਪੈਣੀ ਹੈ ਜਿਸ ਦਾ ਇੰਤਜ਼ਾਮ ਪ੍ਰਸ਼ਾਸਨ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਅਜੇ ਤੱਕ 50 ਤੋਂ ਵੱਧ ਟਰੱਕ ਪੱਥਰਾਂ ਨਾਲ ਭਰ ਕੇ ਲੋਹੀਆਂ ਵੱਲ ਰਵਾਨਾ ਕੀਤੇ ਗਏ ਹਨ ਅਤੇ ਬਾਕੀ ਟਰੱਕਾਂ ਨੂੰ ਭਰਨ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਨਵਰਾਂ ਲਈ ਚਾਰਾ ਪਹੁੰਚਾ ਰਹੀ ਯਾਰਾਂ ਦੀ ਇਹ ਟੋਲੀ
ਇਸ ਕੰਮ ਵਿੱਚ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਉਨ੍ਹਾਂ ਦੀ ਪ੍ਰਸ਼ਾਸਨਕ ਟੀਮ ਜੁਟੀ ਹੋਈ ਹੈ। ਪੰਜਾਬ ਸਰਕਾਰ ਵੱਲੋਂ 23 ਅਗਸਤ ਦੀ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਪਠਾਨਕੋਟ ਪ੍ਰਸ਼ਾਸਨ ਛੁੱਟੀ 'ਤੇ ਨਹੀਂ ਰਿਹਾ ਅਤੇ ਆਪਣੇ ਕੰਮ ਵਿਚ ਜੁਟਿਆ ਹੋਇਆ ਹੈ।
ਪੱਥਰ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਅਤੇ ਆਪਣੇ ਸਾਰੇ ਕੰਮਕਾਜ ਛੱਡ ਕੇ ਹੜ੍ਹ ਪੀੜਤ ਇਲਾਕਿਆਂ 'ਚ ਜਾਣ ਵਾਲੇ ਪੱਥਰਾਂ ਨੂੰ ਹੀ ਟਰੱਕਾਂ ਵਿੱਚ ਭਰਵਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਤਿੰਨ ਸੌ ਤੋਂ ਵੱਧ ਟਰੱਕ ਭਰਵਾ ਕੇ ਲੋਹੀਆਂ ਲਈ ਰਵਾਨਾ ਕਰ ਦਿੱਤੇ ਜਾਣਗੇ।
ਮਾਈਨਿੰਗ ਅਫ਼ਸਰ ਗਗਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੱਥਰਾਂ ਨੂੰ ਟਰੱਕਾਂ 'ਚ ਭਰਵਾਇਆ ਜਾ ਰਿਹਾ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੰਨੇ ਪੱਥਰਾਂ ਦੀ ਜ਼ਰੂਰਤ ਉਹ ਪਠਾਨਕੋਟ ਜ਼ਿਲ੍ਹੇ ਕੋਲ ਹਨ ਅਤੇ ਪ੍ਰਸ਼ਾਸਨ ਜਲਦ ਆਪਣਾ ਕੰਮ ਪੂਰਾ ਕਰ ਲਵੇਗਾ।