ਪਠਾਨਕੋਟ: ਜੰਗਲਾਤ ਵਿਭਾਗ ਰਣਜੀਤ ਸਾਗਰ ਡੈਮ ਨੂੰ ਇੱਕ ਟੂਰਿਸਟ ਹੱਬ ਬਣਾਉਣ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਕਿਨਾਰੇ ਕਮਰੇ ਬਣਾਏ ਜਾ ਰਹੇ ਹਨ। ਟੂਰਿਸਟਾਂ ਨੂੰ ਠਹਿਰਾਉਣ ਦੇ ਲਈ ਕਮਰਿਆਂ ਤੇ ਚਾਲੀ ਲੱਖ ਰੁਪਿਆ ਖਰਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੈਲਾਨੀਆਂ ਦੇ ਲਈ ਟ੍ਰੀ ਹਾਊਸ ਅਤੇ ਵਾਟਰ ਗੇਮਜ਼ ਵੀ ਇੱਥੇ ਲਿਆਂਦੇ ਜਾਣਗੇ। ਜੰਗਲਾਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਜਿਥੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਵਧਣਗੇ, ਉਥੇ ਹੀ ਇਸ ਥਾਂ ਦਾ ਹੋਰ ਸੁੰਦਰੀਕਰਨ ਹੋ ਸਕੇਗਾ।
ਰਣਜੀਤ ਸਾਗਰ ਡੈਮ ਦਾ ਨਜ਼ਾਰਾ ਆਮ ਸੈਲਾਨੀ ਤਾਂ ਲੈ ਹੀ ਸਕਣਗੇ ਪਰ ਵਿਦਿਆਰਥੀ ਵੀ ਆਪਣੀ ਰੋਇੰਗ ਦੀ ਸਿਖਲਾਈ ਲਈ ਇੱਥੇ ਆ ਸਕਦੇ ਹਨ। ਇਸ ਦਾ ਇੰਤਜ਼ਾਮ ਵੀ ਜੰਗਲਾਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਮੌਕੇ ਤੇ ਪੁੱਜੇ ਕੁਝ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਨੇ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਵਧੀਆ ਟੂਰਿਸਟ ਪਲੇਸ ਬਣ ਸਕੇ।
ਉਥੇ ਹੀ ਜਦ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੰਗਲ ਅਤੇ ਵਾਈਲਡ ਲਾਈਫ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਉਨ੍ਹਾਂ ਦੇ ਪਾਸੋਂ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਦਰੱਖਤਾਂ ਦੇ ਮਹੱਤਵ ਬਾਰੇ ਪਤਾ ਚੱਲ ਸਕੇ ਅਤੇ ਨਾਲ ਹੀ ਰਣਜੀਤ ਸਾਗਰ ਡੈਮ ਇੱਕ ਵਧੀਆ ਟੂਰਿਸਟ ਪਲੇਸ ਬਣ ਸਕੇ
ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਨੇ ਰਣਜੀਤ ਸਾਗਰ ਡੈਮ ਨੂੰ ਟੂਰਿਸਟ ਹੱਬ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਇਸ ਸਬੰਧੀ ਕੁੱਝ ਮੀਟਿੰਗਾਂ ਵੀ ਚੰਡੀਗੜ੍ਹ ਹੋਈਆਂ ਪਰ ਉਸ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਕੋਈ ਹੀਲਾ ਹੁੰਦਾ ਨਹੀਂ ਵੇਖਿਆ ਗਿਆ। ਹੁਣ ਜੰਗਲਾਤ ਵਿਭਾਗ ਨੇ ਅੱਗੇ ਆ ਕੇ ਇਸ ਦਿਸ਼ਾ ਵੱਲ ਕਦਮ ਵਧਾਇਆ ਹੈ।